ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਹੈਦਰਾਬਾਦ ਇਕਾਈ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨਾਲ ਜੁੜੇ 27.5 ਕਰੋੜ ਰੁਪਏ ਦੇ ਸ਼ੇਅਰ ਅਤੇ ਡਾਲਮੀਆ ਸੀਮੈਂਟਸ (ਭਾਰਤ) ਲਿਮਟਿਡ (ਡੀ.ਸੀ.ਬੀ.ਐੱਲ.) ਦੀ 377.2 ਕਰੋੜ ਰੁਪਏ ਦੀ ਜ਼ਮੀਨ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਹਾਲਾਂਕਿ ਡਾਲਮੀਆ ਸੀਮੈਂਟਸ ਨੇ ਦਾਅਵਾ ਕੀਤਾ ਹੈ ਕਿ ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 793.3 ਕਰੋੜ ਰੁਪਏ ਹੈ। ਇਹ ਜਬਤੀ 14 ਸਾਲ ਬਾਅਦ ਕੀਤੀ ਗਈ ਹੈ , ਜਦੋਂ ਸੀ.ਬੀ.ਆਈ. ਵੱਲੋਂ 2011 ਵਿੱਚ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ।
ਮਨੀ ਲਾਂਡਰਿੰਗ ਦਾ ਮਾਮਲਾ ਸੀ.ਬੀ.ਆਈ. ਵੱਲੋਂ ਦਰਜ ਐਫ.ਆਈ.ਆਰ. ਨਾਲ ਸਬੰਧਤ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਡਾਲਮੀਆ ਸੀਮੈਂਟਸ ਨੇ ਭਾਰਤੀ ਸੀਮੈਂਟ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਵਿੱਚ ਨਿਵੇਸ਼ ਕੀਤਾ ਸੀ। ਈ.ਡੀ ਦੇ ਅਨੁਸਾਰ, ਇਹ ਨਿਵੇਸ਼ ਵਾਈਐਸ ਜਗਨ ਦੀਆਂ ਕੰਪਨੀਆਂ ਨੂੰ 95 ਕਰੋੜ ਰੁਪਏ ਦੇ ਭੁਗਤਾਨ ਵਜੋਂ ਕੀਤਾ ਗਿਆ ਸੀ, ਜਿਸ ਦੇ ਬਦਲੇ ਕਡਾਪਾ ਜ਼ਿਲ੍ਹੇ ਵਿੱਚ 407 ਹੈਕਟੇਅਰ ਮਾਈਨਿੰਗ ਲੀਜ਼ ਡਾਲਮੀਆ ਸੀਮੈਂਟਸ ਨੂੰ ਤਬਦੀਲ ਕਰ ਦਿੱਤੀ ਗਈ ਸੀ।
ਈ.ਡੀ ਅਤੇ ਸੀ.ਬੀ.ਆਈ. ਨੇ ਕੀ ਦੋਸ਼ ਲਗਾਏ?
ਈ.ਡੀ ਅਤੇ ਸੀ.ਬੀ.ਆਈ. ਨੇ ਦੋਸ਼ ਲਾਇਆ ਹੈ ਕਿ ਡਾਲਮੀਆ ਸੀਮੈਂਟਸ ਅਤੇ ਜਗਨ ਵਿਚਾਲੇ ਹੋਏ ਸਮਝੌਤੇ ਤਹਿਤ ਰਘੂਰਾਮ ਸੀਮੈਂਟਸ ਲਿਮਟਿਡ ਦੇ ਸ਼ੇਅਰ ਫਰਾਂਸ ਦੀ ਕੰਪਨੀ ਪਾਰਫਿਿਸਮ ਨੂੰ 135 ਕਰੋੜ ਰੁਪਏ ਵਿਚ ਵੇਚੇ ਗਏ ਸਨ, ਜਿਸ ਵਿਚੋਂ 55 ਕਰੋੜ ਰੁਪਏ ਹਵਾਲਾ ਰਾਹੀਂ ਜਗਨ ਨੂੰ ਨਕਦ ਦਿੱਤੇ ਗਏ ਸਨ। ਸੀ.ਬੀ.ਆਈ. ਨੇ 8 ਅਪ੍ਰੈਲ 2013 ਨੂੰ ਜਗਨ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ।
ਡਾਲਮੀਆ ਸੀਮੈਂਟਸ ‘ਤੇ ਕੋਈ ਅਸਰ ਨਹੀਂ
ਈ.ਡੀ ਨੇ ਕਿਹਾ ਕਿ ਹਵਾਲਾ ਚੈਨਲਾਂ ਰਾਹੀਂ ਜਗਨ ਦੀਆਂ ਕੰਪਨੀਆਂ ਨੂੰ ਕੁੱਲ 139 ਕਰੋੜ ਰੁਪਏ ਟ੍ਰਾਂਸਫਰ ਕਰਨ ਦੀ ਯੋਜਨਾ ਸੀ, ਜਿਸ ਵਿਚੋਂ 55 ਕਰੋੜ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਡਾਲਮੀਆ ਸੀਮੈਂਟਸ ਨੇ ਸੇਬੀ ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ 15 ਅਪ੍ਰੈਲ, 2025 ਨੂੰ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਮਿਲਿਆ ਹੈ, ਪਰ ਇਸ ਆਦੇਸ਼ ਨਾਲ ਕੰਪਨੀ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ। ਕੰਪਨੀ ਨੇ ਕਿਹਾ ਕਿ ਉਹ ਆਦੇਸ਼ ਦੀ ਸਮੀਖਿਆ ਕਰੇਗੀ ਅਤੇ ਇਸ ਤੋਂ ਬਾਅਦ ਉਚਿਤ ਕਾਨੂੰਨੀ ਕਾਰਵਾਈ ਕਰੇਗੀ। ਇਹ ਮਨੀ ਲਾਂਡਰਿੰਗ ਦਾ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਮਾਮਲੇ ‘ਚ ਕਈ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋ ਚੁੱਕੀ ਹੈ।
The post ਈ.ਡੀ ਨੇ 14 ਸਾਲ ਪੁਰਾਣੇ ਮਾਮਲੇ ‘ਚ ਜਗਨ ਰੈੱਡੀ ਤੇ ਡਾਲਮੀਆ ਦੀ 800 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ appeared first on Time Tv.
Leave a Reply