ਚੰਡੀਗੜ੍ਹ: ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਖੜਾ ਦਾ ਪਾਣੀ ਹਰਿਆਣਾ ਨੂੰ 4000 ਕਿਊਸਿਕ ਤੋਂ ਵੱਧ ਨਾ ਦੇਣ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਗਿੱਦੜ ਧਮਕੀਆਂ ਦੇ ਰਹੇ ਹਨ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਕੋਈ ਵੱਡੀ ਕਾਰਵਾਈ ਕਰਨ ਦੀ ਬਜਾਏ ਚੁੱਪ ਬੈਠੀ ਹੈ।
ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹਰਿਆਣਾ ਨੂੰ SYL ਦਾ ਪਾਣੀ ਮਿਲਣਾ ਚਾਹੀਦਾ ਸੀ, ਜੋ ਅੱਜ ਤੱਕ ਨਹੀਂ ਮਿਲਿਆ। ਅਸੀਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਲੰਬੀ ਲੜਾਈ ਲੜੀ ਹੈ ਪਰ ਭਾਜਪਾ ਨੇ ਇਸ ਲੜਾਈ ਵਿਚ ਸਾਡਾ ਸਾਥ ਦੇਣ ਦੀ ਬਜਾਏ ਇਨੈਲੋ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਪਾਰਟੀ ਨੂੰ ਤੋੜਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਹਨ। ਅੱਜ ਹਰਿਆਣਾ ਨਾਲ ਫਿਰ ਧੋਖਾ ਕੀਤਾ ਜਾ ਰਿਹਾ ਹੈ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਅੱਜ ਹਰਿਆਣਾ ‘ਚ ਮੁੱਖ ਵਿਰੋਧੀ ਪਾਰਟੀ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਜਿੱਥੇ SYL ਨੂੰ ਲੈ ਕੇ ਕਾਂਗਰਸ ਚੁੱਪ ਸੀ, ਉਥੇ ਅੱਜ ਭਾਖੜਾ ਦੇ ਪਾਣੀ ‘ਤੇ ਵੀ ਕਾਂਗਰਸ ਚੁੱਪ ਬੈਠੀ ਹੈ। ਸਥਿਤੀ ਇਹ ਹੈ ਕਿ ਸਿਰਸਾ, ਫਤਿਹਾਬਾਦ, ਹਿਸਾਰ ਅਤੇ ਕੈਥਲ ਜ਼ਿਲ੍ਹੇ ਜਿੱਥੇ ਭਾਖੜਾ ਦੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਹੈ, ਉੱਥੇ ਦੇ ਕਿਸਾਨ ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨ ਹਨ।
ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਲੱਤਾਂ ਦਾ ਭੂਤ ਹੈ ਜੋ ਗੱਲਾਂ ਨਾਲ ਮੰਨਣ ਵਾਲੀ ਨਹੀਂ ਹੈ । ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਅਤੇ ਅਜਿਹੇ ਘਟੀਆ ਬਿਆਨ ਦੇ ਕੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਤਹਿ ਦਿਲੋਂ ਸਮਰਥਨ ਕੀਤਾ ਸੀ, ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦਾ ਸਾਥ ਦੇਣ। ਜੇਕਰ ਪੰਜਾਬ ਨੇ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਨਾ ਦਿੱਤਾ ਤਾਂ ਅਸੀਂ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਸਾਰੇ ਰਸਤੇ ਬੰਦ ਕਰਨ ਲਈ ਮਜਬੂਰ ਹੋ ਜਾਵਾਗੇ ਅਤੇ ਇਹ ਧਮਕੀ ਨਹੀਂ ਹੈ ।
ਹਰਿਆਣਾ ਦੇਵੀ ਲਾਲ ਵੱਲੋਂ ਬਣਾਇਆ ਗਿਆ ਸੂਬਾ ਹੈ ਅਤੇ ਜੇਕਰ ਕੋਈ ਹਰਿਆਣਾ ਨਾਲ ਧੋਖਾ ਕਰਦਾ ਹੈ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕਾਫ਼ੀ ਸਹਿਣ ਕੀਤਾ ਹੈ, ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਦਿਵਾਉਣ ਲਈ ਫਿਰ ਤੋਂ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਅਤੇ ਸੜਕਾਂ ‘ਤੇ ਉਤਰਾਂਗੇ। ਹਰਿਆਣਾ ਅਤੇ ਪੰਜਾਬ ਦੀਆਂ ਦੋਵੇਂ ਸਰਕਾਰਾਂ ਸੂਬੇ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਇਸ ਵਿੱਚ ਕਾਂਗਰਸ ਵੀ ਸ਼ਾਮਲ ਹੈ। ਇਨੈਲੋ ਹਰਿਆਣਾ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਅਸੀਂ ਸਾਰੇ ਮਿਲ ਕੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਕੰਮ ਕਰਾਂਗੇ। ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਤੁਰੰਤ ਇਸ ਦਾ ਨੋਟਿਸ ਲਵੇਗੀ ਅਤੇ ਸੂਬੇ ਦੀ ਭਾਜਪਾ ਸਰਕਾਰ ਵੀ ਕੋਈ ਸਖਤ ਕਦਮ ਚੁੱਕੇਗੀ।
The post ਅਭੈ ਸਿੰਘ ਚੌਟਾਲਾ ਨੇ ਪੰਜਾਬ ਦੇ ਸੀ.ਐੱਮ ਵੱਲੋਂ ਭਾਖੜਾ ਦਾ ਪਾਣੀ ਹਰਿਆਣਾ ਨੂੰ 4000 ਕਿਊਸਿਕ ਤੋਂ ਵੱਧ ਨਾ ਦੇਣ ਦੇ ਬਿਆਨ ‘ਤੇ ਦਿੱਤੀ ਤਿੱਖੀ ਪ੍ਰਤੀਕਿਰਿਆ appeared first on Time Tv.
Leave a Reply