November 5, 2024

ਹੁਣ ਜਲੰਧਰ ਦੇ ਇਸ ਚੌਕ ‘ਤੇ ਨਹੀਂ ਰੁੱਕਣਗੀਆਂ ਬੱਸਾਂ

ਜਲੰਧਰ : ਪੀ.ਏ.ਪੀ. ਚੌਕ ’ਤੇ ਚੱਲ ਰਹੇ ਨਾਜਾਇਜ਼ ਬੱਸ ਅੱਡੇ ਨੂੰ ਬੰਦ ਕਰਵਾਉਣ ਲਈ ਏ.ਡੀ.ਸੀ.ਪੀ. ਟਰੈਫਿਕ ਅਮਨਦੀਪ ਕੌਰ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਏ.ਡੀ.ਸੀ.ਪੀ ਨੇ ਕਿਹਾ ਕਿ ਹੁਣ ਤੋਂ ਜੇਕਰ ਪੀ.ਏ.ਪੀ. ਚੌਕ ’ਤੇ ਕੋਈ ਵੀ ਬੱਸ ਰੁਕਦੀ ਹੈ ਤਾਂ ਨਾਕਾ ਇੰਚਾਰਜ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਸ ਦੀ ਜ਼ਿੰਮੇਵਾਰੀ ਹੋਵੇਗੀ ਕਿ ਪੀ.ਏ.ਪੀ. ਚੌਕ ‘ਤੇ ਬੱਸ ਕਿਵੇਂ ਖੜ੍ਹੀ ਸੀ? ਉਨ੍ਹਾਂ ਕਿਹਾ ਕਿ ਪੀ.ਏ.ਪੀ. ਚੌਕ ‘ਤੇ ਅਕਸਰ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ। ਜਦੋਂ ਬੱਸਾਂ ਰੁਕਦੀਆਂ ਹਨ ਤਾਂ ਬੱਸਾਂ ਦੇ ਪਿੱਛੇ ਦੀ ਆਵਾਜਾਈ ਵੀ ਰੁਕ ਜਾਂਦੀ ਹੈ, ਜਿਸ ਕਾਰਨ ਚੌਕ ’ਤੇ ਜਾਮ ਲੱਗ ਜਾਂਦਾ ਹੈ।

ਏ.ਡੀ.ਸੀ.ਪੀ ਅਮਨਦੀਪ ਕੌਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਦੀਆਂ ਵੱਖ-ਵੱਖ ਟੀਮਾਂ 17 ਜ਼ੀਰੋ ਟੋਲਰੈਂਸ ਸੜਕਾਂ ’ਤੇ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਸੜਕਾਂ ਅਤੇ ਫੁੱਟਪਾਥਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਕਬਜ਼ਿਆਂ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਗੈਰ-ਕਾਨੂੰਨੀ ਪਾਰਕਿੰਗ ਜਾਂ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਦੇ ਸਟਿੱਕਰ ਚਲਾਨ ਵੀ ਜਾਰੀ ਕੀਤੇ ਜਾ ਰਹੇ ਹਨ ਅਤੇ ਕਈ ਥਾਵਾਂ ਤੋਂ ਵਾਹਨਾਂ ਨੂੰ ਟੋਇੰਗ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਬੀਤੇ ਦਿਨ ਵੀ ਏ.ਡੀ.ਸੀ.ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਗੁਰੂ ਰਵਿਦਾਸ ਚੌਕ ਤੋਂ ਬਬਰੀਕ ਚੌਕ ਤੱਕ ਦਾ ਜਾਇਜ਼ਾ ਲਿਆ ਸੀ। ਜਿਨ੍ਹਾਂ ਨੇ ਸੜਕਾਂ ਅਤੇ ਫੁੱਟਪਾਥਾਂ ‘ਤੇ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਅੰਦਰ ਕਰਵਾਇਆ ਗਿਆ ਅਤੇ ਭਵਿੱਖ ‘ਚ ਅਜਿਹਾ ਕਰਨ ‘ਤੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ। ਕੁਝ ਥਾਵਾਂ ‘ਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ ਸੀ।

ਏ.ਡੀ.ਸੀ.ਪੀ ਟਰੈਫਿਕ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਏ.ਸੀ.ਪੀ ਸਤਿੰਦਰ ਚੱਢਾ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਕੁਝ ਥਾਵਾਂ ’ਤੇ ਚੈਕਿੰਗ ਵੀ ਕੀਤੀ ਅਤੇ ਕਬਜ਼ਿਆਂ ਨੂੰ ਹਟਾਇਆ। ਏ.ਡੀ.ਸੀ.ਪੀ ਅਮਨਦੀਪ ਕੌਰ ਨੇ ਅਪੀਲ ਕੀਤੀ ਕਿ ਦੁਕਾਨਦਾਰ ਜਾਂ ਕੋਈ ਹੋਰ ਵਿਅਕਤੀ ਸੜਕਾਂ ਅਤੇ ਫੁੱਟਪਾਥਾਂ ‘ਤੇ ਕਬਜ਼ਾ ਨਾ ਕਰਨ । ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੜਕਾਂ ‘ਤੇ ਵਾਹਨਾਂ ਨੂੰ ਸਹੀ ਢੰਗ ਨਾਲ ਖੜ੍ਹਾ ਕੀਤਾ ਜਾਵੇ ਤਾਂ ਜੋ ਜਾਮ ਨਾ ਲੱਗੇ।

By admin

Related Post

Leave a Reply