ਹਰਿਆਣਾ ਦੇ ਪੰਚਕੂਲਾ ‘ਚ ਪਾਣੀਪਤ ਦੇ ਫਰਜ਼ੀ DSP ਨੂੰ ਕੀਤਾ ਗ੍ਰਿਫ਼ਤਾਰ, 1 ਕਰੋੜ ਦੀ ਮਾਰੀ ਸੀ ਠੱਗੀ
By admin / April 5, 2024 / No Comments / Punjabi News
ਚੰਡੀਗੜ੍ਹ : ਹਰਿਆਣਾ ਦੇ ਪੰਚਕੂਲਾ (Haryana’s Panchkula) ਵਿੱਚ ਪਾਣੀਪਤ ਦੇ ਫਰਜ਼ੀ DSP (Fake DSP) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ 11 ਨੌਜਵਾਨਾਂ ਤੋਂ ਕਰੀਬ 1 ਕਰੋੜ ਰੁਪਏ ਲੈ ਕੇ ਉਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਪੁਲਿਸ ‘ਚ ਭਰਤੀ ਕਰਵਾਇਆ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮੁਲਜ਼ਮ ਵਰਿੰਦਰ ਨੇ ਬੈਂਕ ਵਿੱਚ ਨਕਦ ਤਨਖਾਹ ਜਮ੍ਹਾਂ ਕਰਵਾਈ। ਫਰਜ਼ੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਬੈਂਕ ਸਟੇਟਮੈਂਟ ਦੇਖ ਕੇ ਹੈਰਾਨ ਰਹਿ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੰਚਕੂਲਾ ਵਿੱਚ ਸੀ.ਐਮ ਫਲਾਇੰਗ ਅਤੇ ਸੀ.ਆਈ.ਡੀ ਦੀ ਟੀਮ ਨੇ ਸਾਂਝਾ ਆਪ੍ਰੇਸ਼ਨ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਕੋਲੋਂ ਇੱਕ XUV 300, ਜਾਅਲੀ ਆਈ.ਡੀ ਕਾਰਡ, ਚੈੱਕ, ਜਾਅਲੀ ਜੁਆਇਨਿੰਗ ਲੈਟਰ, ਜਾਅਲੀ ਜੁਆਇਨਿੰਗ ਫਾਰਮ, ਪੁਲਿਸ ਵਰਦੀ ਸਮੇਤ ਕਈ ਸਾਮਾਨ ਬਰਾਮਦ ਕੀਤਾ ਗਿਆ ਹੈ। ਉਹ ਸਬ-ਇੰਸਪੈਕਟਰ ਦੀ ਨੌਕਰੀ ਲਈ 20 ਲੱਖ ਰੁਪਏ, ਕਾਂਸਟੇਬਲ ਦੀ ਨੌਕਰੀ ਲਈ 11 ਲੱਖ ਰੁਪਏ ਅਤੇ ਹੋਮਗਾਰਡ ਦੀ ਨੌਕਰੀ ਲਈ 2.50 ਲੱਖ ਰੁਪਏ ਵਸੂਲਦਾ ਸੀ। ਮੁਲਜ਼ਮਾਂ ਨੇ ਗੁਰਜਰ ਭਵਨ ਵਿੱਚ ਤਿੰਨ ਕਮਰੇ ਕਿਰਾਏ ’ਤੇ ਲਏ ਸਨ। ਪੁਲਿਸ ਨੂੰ ਸਿਰਸਾ ਤੋਂ 3 ਲੜਕੀਆਂ ਅਤੇ 8 ਲੜਕੇ ਵੀ ਮਿਲੇ ਹਨ। 3 ਲੜਕੀਆਂ ਅਤੇ 4 ਲੜਕਿਆਂ ਨੂੰ ਕਾਂਸਟੇਬਲ, 2 ਲੜਕਿਆਂ ਨੂੰ ਹੋਮ ਗਾਰਡ ਅਤੇ 2 ਲੜਕਿਆਂ ਨੂੰ ਸਬ-ਇੰਸਪੈਕਟਰ ਬਣਾਉਣ ਦੇ ਬਦਲੇ ਉਨ੍ਹਾਂ ਤੋਂ ਕਰੀਬ ਇਕ ਕਰੋੜ ਰੁਪਏ ਲਏ ਗਏ ਸਨ। ਸਾਰੇ 11 ਉਮੀਦਵਾਰਾਂ ਨੇ ਦੱਸਿਆ ਕਿ ਉਹ ਜਨਵਰੀ ਵਿੱਚ ਮੁਲਜ਼ਮਾਂ ਦੇ ਸੰਪਰਕ ਵਿੱਚ ਆਏ ਸਨ। ਪੰਚਕੂਲਾ ਦਾ ਡੀਐਸਪੀ ਕ੍ਰਾਈਮ ਹੋਣ ਦਾ ਦਾਅਵਾ ਕਰਦਿਆਂ ਉਸ ਨੇ ਹਰਿਆਣਾ ਪੁਲਿਸ ਵਿੱਚ ਨੌਕਰੀ ਦਿਵਾਉਣ ਲਈ ਕਿਹਾ ਸੀ।
ਜਦੋਂ ਉਮੀਦਵਾਰਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ ਪ੍ਰਾਪਤ ਤਨਖ਼ਾਹ ਸਟੇਟਮੈਂਟ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਖਾਤਿਆਂ ਵਿੱਚ ਨਕਦੀ ਜਮ੍ਹਾਂ ਹੋ ਗਈ ਸੀ। ਇਸ ‘ਤੇ ਉਨ੍ਹਾਂ ਨੂੰ ਧੋਖਾਧੜੀ ਦਾ ਪਤਾ ਲੱਗਾ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਫਿਲਹਾਲ ਪੁਲਿਸ ਟੀਮ ਇਸ ਬਾਰੇ ਕੁਝ ਨਹੀਂ ਦੱਸ ਰਹੀ ਹੈ।