ਹਰਿਆਣਾ: ਹਰਿਆਣਾ ‘ਚ ਸਵੇਰੇ-ਸਵੇਰੇ ਗਲੀ ‘ਚ ਮਨੁੱਖੀ ਹੱਥ ਪਏ ਹੋਣ ਕਾਰਨ ਹੜਕੰਪ ਮਚ ਗਿਆ। ਕਿਸੇ ਨੇ ਹੱਥ ਵੱਢ ਕੇ ਰਾਤ ਦੇ ਹਨੇਰੇ ਵਿੱਚ ਇੱਥੇ ਸੁੱਟ ਦਿੱਤਾ। ਇਹ ਘਟਨਾ ਹਾਂਸੀ ਸਥਿਤ ਬੈਂਕ ਕਲੋਨੀ (Bank Colony) ਵਿੱਚ ਵਾਪਰੀ। ਜਿੱਥੇ ਸਵੇਰੇ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਗਲੀ ਵਿੱਚ ਇੱਕ ਕੱਟਿਆ ਹੋਇਆ ਮਨੁੱਖੀ ਹੱਥ ਦੇਖ ਕੇ ਘਬਰਾ ਗਏ।
ਕਲੋਨੀ ਵਾਸੀਆਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਮੁਲਜ਼ਮਾਂ ਨੇ ਅਜਿਹਾ ਕਿਸੇ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਕੀਤਾ ਹੋ ਸਕਦਾ ਹੈ। ਜੇਕਰ ਇੱਥੇ ਹੱਥ ਸੁੱਟਿਆ ਹੈ ਤਾਂ ਸਰੀਰ ਦੇ ਹੋਰ ਅੰਗ ਵੀ ਵੱਖ-ਵੱਖ ਥਾਵਾਂ ‘ਤੇ ਸੁੱਟੇ ਹੋਣਗੇ।
ਪੁਲਿਸ ਨੇ ਇਲਾਕੇ ਦੀ ਚਾਰੇ ਪਾਸੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਖਾਲੀ ਪਈਆਂ ਜ਼ਮੀਨਾਂ ਅਤੇ ਪਲਾਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ 10 ਵਜੇ ਤੱਕ ਸਭ ਕੁਝ ਠੀਕ ਸੀ। ਇਸ ਤੋਂ ਬਾਅਦ ਸਾਰੇ ਘਰਾਂ ਦੇ ਅੰਦਰ ਚਲੇ ਗਏ। ਜਿਸ ਤੋਂ ਬਾਅਦ ਸਵੇਰੇ ਜਦੋਂ ਉਹ ਬਾਹਰ ਨਿਕਲੇ ਤਾਂ ਗਲੀ ‘ਚ ਕੱਟਿਆ ਹੋਇਆ ਹੱਥ ਵੇਖਿਆ। ਕਿਸੇ ਨੇ ਧੁੰਦ ਦਾ ਫਾਇਦਾ ਉਠਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਿਉਂਕਿ ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ।