ਸ੍ਰੀ ਅਨੰਦਪੁਰ ਸਾਹਿਬ ‘ਚ ਸੰਗਤਾਂ ਨੇ ਧੂਮ-ਧਾਮ ਨਾਲ ਮਨਾਇਆ ਹੱਲੇ ਮਹੱਲੇ ਦਾ ਤਿਉਹਾਰ
By admin / March 25, 2024 / No Comments / Punjabi News
ਸ੍ਰੀ ਆਨੰਦਪੁਰ ਸਾਹਿਬ : ਖਾਲਸਾ ਪੰਥ (Khalsa Panth) ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਕੌਮੀ ਤਿਉਹਾਰ ਹੋਲਾ ਮਹੱਲਾ (Hola Mahala) ਦਾ ਦੂਜਾ ਪੜਾਅ ਬੀਤੇ ਦਿਨ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋ ਗਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ… ਖਾਲਸੇ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੱਲ੍ਹ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ ਹੈ। ਹੋਲਾ ਮਹੱਲਾ ਮੌਕੇ ਖਾਲਸੇ ਦੀ ਧਰਤੀ ‘ਤੇ ਭਾਰੀ ਉਤਸ਼ਾਹ ਹੈ। ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਮੱਥਾ ਟੇਕ ਰਹੇ ਹਨ।
ਹੋਲੇ ਮਹੱਲੇ ਦੀ ਆਰੰਭਤਾ ਅਰਦਾਸ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਧਾਮੀ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਭਾਈ ਰਜਿੰਦਰ ਸਿੰਘ ਮਹਿਤਾ ਸਕੱਤਰ ਤੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਬੰਸ ਦਾਨੀ ਸਾਹਿਬ ਕਮਾਲ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਵਿੱਚ ਹੋਲੀ ਖੇਡ, ਜੋ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਦੇ ਮਾੜੇ ਪ੍ਰਭਾਵ ਤੋਂ ਦੂਰ ਹੋ ਕੇ ਇੱਕ ਵਿਲੱਖਣ ਢੰਗ ਨਾਲ ਹੋਲਾ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ।
ਇਸ ਮੌਕੇ ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਬਾਬਾ ਲੱਖਾ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਐਡੀਸ਼ਨਲ ਮੈਨੇਜਰ ਹਰਪ੍ਰੀਤ ਸਿੰਘ, ਐਡੀਸ਼ਨਲ ਮੈਨੇਜਰ ਕਰਮਜੀਤ ਸਿੰਘ, ਐਡੀਸ਼ਨਲ ਮੈਨੇਜਰ ਐਡਵੋਕੇਟ ਜਸਵੀਰ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਸੰਦੀਪ ਸਿੰਘ ਕਲੌਤਾ, ਸੂਚਨਾ ਅਧਿਕਾਰੀ ਹਰਪ੍ਰੀਤ ਸਿੰਘ, ਸ. ਸਰੂਪ ਸਿੰਘ ਸਟੈਨੋ, ਜਗਨੰਦਨ ਸਿੰਘ, ਸੁਖਬੀਰ ਸਿੰਘ ਜਿੰਦਵੜੀ, ਦਵਿੰਦਰ ਸਿੰਘ ਸੂਰੇਵਾਲ, ਸੁਖਵੀਰ ਸਿੰਘ ਕਲਵਾਂ, ਬਲਜੀਤ ਸਿੰਘ ਚੰਦੂਮਾਜਰਾ, ਸਤਨਾਮ ਸਿੰਘ ਝੱਜ, ਹਰਦੇਵ ਸਿੰਘ ਦੇਬੀ, ਠੇਕੇਦਾਰ ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।