ਸੁਖਬੀਰ ਬਾਦਲ ਦਿੱਲੀ ਲਈ ਰਵਾਨਾ, ਮੁੜ ਗਠਜੋੜ ਦੀ ਸੰਭਾਵਨਾ !
By admin / February 10, 2024 / No Comments / Punjabi News
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਇਸ ਸਮੇਂ ਪੰਜਾਬ ਬਚਾਓ ਯਾਤਰਾ ‘ਤੇ ਹਨ। ਇਹ ਯਾਤਰਾ ਕੱਲ੍ਹ ਸ਼ਾਮ ਜ਼ੀਰਾ ਅਤੇ ਫ਼ਿਰੋਜ਼ਪੁਰ ਵਿੱਚ ਸੀ ਅਤੇ 10 ਅਤੇ 11 ਫਰਵਰੀ ਨੂੰ ਇਸ ਯਾਤਰਾ ਦੀ ਪਾਰਟੀ ਵੱਲੋਂ ਬ੍ਰੇਕ ਦੱਸੀ ਜਾ ਰਹੀ ਹੈ। ਇਹ ਯਾਤਰਾ 12 ਫਰਵਰੀ ਨੂੰ ਮੁੜ ਫਿਰੋਜ਼ਪੁਰ ਦੇ ਪੇਂਡੂ ਹਲਕਿਆਂ ਤੇ ਫਰੀਦਕੋਟ ਵਿਚੋਂ ਗੁਜਰੇਗੀ।
ਇਨ੍ਹਾਂ ਦੋ ਦਿਨਾਂ ਦੀ ਬ੍ਰੇਕ ਦੇ ਚਲਦੇ ਭਰੋਸੇਯੋਗ ਸੂਤਰਾਂ ਨੇ ਅੱਜ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ ਮੀਡੀਆ ਵਿਚ ਵੱਡੇ ਪੱਧਰ ’ਤੇ ਆ ਰਹੀਆਂ ਅਕਾਲੀ-ਭਾਜਪਾ ਗਠਜੋੜ ਦੀਆਂ ਖਬਰਾਂ ਨੂੰ ਸੱਚ ਵਿਚ ਤਬਦੀਲ ਕਰਨ ਲਈ ਦਿੱਲੀ ਬੈਠੀ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤਾਂ ਕਰ ਸਕਦੇ ਹਨ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿੱਚ ਭਾਜਪਾ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਜ਼ਿਆਦਾਤਰ ਭਾਜਪਾ ਮੈਂਬਰਾਂ ਨੇ ਜਿੱਥੇ ਆਪਣੀ ਹਾਈਕਮਾਂਡ ਨੂੰ ਅਕਾਲੀ ਦਲ ਨਾਲ ਗਠਜੋੜ ਲਈ ਹਰੀ ਝੰਡੀ ਦੇਣ ਲਈ ਕਿਹਾ ਹੈ, ਉੱਥੇ ਹੀ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਚਰਚਾ ਹੋਈ ਹੈ ਕਿ 8/6 ‘ਤੇ ਦੋਵੇਂ ਪਾਰਟੀਆਂ ਸਹਿਮਤ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 6 ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ ਹਨ, ਜਦਕਿ ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਜਾਂ ਜਲੰਧਰ ਸੀਟ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ।
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਪੂਰੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੀ ਪਾਰਟੀ ਜਾਂ ਮੀਟਿੰਗ ਵਿੱਚ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਨੂੰ ਤੁਹਾਡੇ ਤੋਂ ਇਸ ਬਾਰੇ ਪਤਾ ਲੱਗਾ।