ਅੰਮ੍ਰਿਤਸਰ: ਅੰਮ੍ਰਿਤਸਰ ‘ਚ ਦੇਰ ਰਾਤ ਨਸ਼ਾ ਤਸਕਰਾਂ (Drug Smugglers) ਨੇ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ। ਸਿਵਲ ਹਸਪਤਾਲ ਦੇ ਬਾਹਰ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਇਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਰਾਊਂਡਅਪ ਕੀਤਾ ਹੈ। ਤਿੰਨਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਛੁਰਾ ਵੀ ਬਰਾਮਦ ਹੋਇਆ ਹੈ।
ਮ੍ਰਿਤਕ ਰਜਿੰਦਰ ਸਿੰਘ ਉਰਫ ਸੰਨੀ ਦੀ ਭੈਣ ਰੀਨਾ ਅਨੁਸਾਰ ਸੁਖਦੇਵ ਸਿੰਘ ਉਰਫ ਪ੍ਰਿੰਸ, ਮਹਿਤਾਬ ਸਿੰਘ ਉਰਫ ਛੋਟਾ ਰਾਜਨ ਅਤੇ ਸੁਨੀਤਾ ਰਾਣੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ। ਉਹ ਨਸ਼ੇ ਵੇਚਣ ਦਾ ਕੰਮ ਕਰਦੇ ਹਨ। ਇਸ ਕਾਰਨ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਕੈਮਰੇ ਲਗਾਏ ਹਨ। ਜਿਸ ਤੋਂ ਬਾਅਦ ਹੀ ਮਹਿਤਾਬ ਸਿੰਘ ਨੂੰ ਉਨ੍ਹਾਂ ਨਾਲ ਹੋਰ ਪਰੇਸ਼ਾਨੀਆਂ ਹੋਣ ਲੱਗੀਆਂ ਅਤੇ ਉਹ ਕਹਿਣ ਲੱਗਾ ਕਿ ਉਹ ਉਨ੍ਹਾਂ ਨੂੰ ਨਹੀਂ ਛੱਡੇਗਾ। ਬੀਤੀ ਰਾਤ ਵੀ ਉਨ੍ਹਾਂ ਦੀ ਲੜਾਈ ਹੋਈ ਅਤੇ ਤਿੰਨਾਂ ਨੇ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ।
ਫਿਰ ਸੰਨੀ ਆਪਣੇ ਪਿਤਾ ਨੂੰ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਲੈ ਗਿਆ। ਜਿੱਥੋਂ ਪੁਲਿਸ ਨੇ ਉਸ ਨੂੰ ਦਿਖਾਉਣ ਲਈ ਸਿਵਲ ਹਸਪਤਾਲ ਭੇਜ ਦਿਤਾ। ਜਿਵੇਂ ਹੀ ਸੰਨੀ ਸਿਵਲ ਹਸਪਤਾਲ ਪਹੁੰਚਿਆ ਤਾਂ ਉਸ ਦਾ ਪਿੱਛਾ ਕਰ ਰਹੇ ਮੁਲਜ਼ਮਾਂ ਵਿਚੋਂ ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਨੇ ਸੰਨੀ ਦਾ ਛੁਰੇ ਨਾਲ ਵਾਰ ਕਰਕੇ ਕਤਲ ਕਰ ਦਿਤਾ।
ਇਸ ਮਾਮਲੇ ਵਿੱਚ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੌਕੇ ’ਤੇ ਸਿਵਲ ਹਸਪਤਾਲ ਦੇ ਬਾਹਰ ਮੌਜੂਦ ਸੀ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮਾਮਲੇ ਵਿਚ ਪੁਲਿਸ ਵੀ ਇਹੀ ਕਹਿੰਦੀ ਰਹੀ ਕਿ ਉਨ੍ਹਾਂ ਦੀ ਲੜਾਈ ਬਾਹਰੋਂ ਹੋਈ ਸੀ ਅਤੇ ਸੰਨੀ ਉਥੋਂ ਜ਼ਖ਼ਮੀ ਹੋ ਕੇ ਇੱਥੇ ਆਇਆ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸੰਨੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਤਿੰਨ ਮਹੀਨੇ ਦੇ ਬੱਚੇ ਦਾ ਪਿਤਾ ਸੀ। ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸ ਮਾਮਲੇ ਵਿੱਚ ਦੇਰ ਰਾਤ ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਸੁਖਦੇਵ ਸਿੰਘ ਉਰਫ਼ ਪ੍ਰਿੰਸ, ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਅਤੇ ਸੁਨੀਤਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।