November 5, 2024

ਸਾਬਕਾ ਸਰਪੰਚ ਦਾ ਅਣਪਛਾਤੇ ਕਾਤਲਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ

ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਸਦਰ ਜਮਸ਼ੇਰ ਥਾਣੇ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਪੁੱਤਰ ਜੀਤ ਰਾਮ ਦਾ ਅਣਪਛਾਤੇ ਕਾਤਲਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਬੋ ਪਤਨੀ ਅਜੀਤ ਸਿੰਘ ਜੋ ਕਿ ਪਿੰਡ ਲਖਨਪਾਲ ਤੋਂ ਪਿੰਡ ਪੰਡੋਰੀ ਮੁਸ਼ਰਕਟੀ ਨੂੰ ਜਾਂਦੀ ਕੱਚੀ ਸੜਕ ‘ਤੇ ਆ ਰਹੀ ਸੀ ਤਾਂ ਪਿੰਡ ਲਖਨਪਾਲ ਦੇ ਵਸਨੀਕ ਗੁਰਮੇਲ ਰਾਮ ਦੀ ਜ਼ਮੀਨ ਦੇ ਬਿਲਕੁਲ ਨਜ਼ਦੀਕ ਖੂਨ ਨਾਲ ਲੱਥਪੱਥ ਹਾਲਤ ‘ਚ ਲਾਸ਼ ਪਈ ਮਿਲੀ, ਜਿਸ ਨੂੰ ਦੇਖ ਕੇ ਸਾਫ ਦਿਖਾਈ ਦੇ ਰਿਹਾ ਸੀ ਕਿ ਗੁਰਮੇਲ ਰਾਮ ਦਾ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ। ਉਸ ਦਾ ਸਾਈਕਲ ਵੀ ਉਸ ਦੀ ਲਾਸ਼ ਕੋਲ ਜ਼ਮੀਨ ’ਤੇ ਪਿਆ ਸੀ।

ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਜਮਸ਼ੇਰ ਦੇ ਐਸ.ਐਚ.ਓ. ਸੰਜੀਵ ਕੁਮਾਰ, ਵਧੀਕ ਐਸ.ਐਚ.ਓ. ਐੱਸ.ਆਈ. ਵਿਕਟਰ ਮਸੀਹ ਅਤੇ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਨੇ ਤੁਰੰਤ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਗੁਰਮੇਲ ਰਾਮ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ।

ਇਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਅਤੇ ਹੋਰ ਜਾਂਚ ਟੀਮਾਂ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈਆਂ। ਮ੍ਰਿਤਕ ਸਾਬਕਾ ਸਰਪੰਚ ਦੇ ਪੁੱਤਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਜੀ.ਐਨ.ਏ. ਇੱਕ ਫੈਕਟਰੀ ਵਿੱਚ ਆਪਰੇਟਰ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ਾਮ 6 ਵਜੇ ਉਸ ਦੇ ਚਾਚੇ ਦਾ ਲੜਕਾ ਸੁਰਿੰਦਰਪਾਲ ਵਾਸੀ ਪਿੰਡ ਲਖਨਪਾਲ ਫੈਕਟਰੀ ਆਇਆ ਅਤੇ ਉਸ ਨੂੰ ਦੱਸਿਆ ਕਿ ਪੰਡੋਰੀ ਨੂੰ ਜਾਂਦੀ ਕੱਚੀ ਸੜਕ ‘ਤੇ ਉਸ ਦੇ ਪਿਤਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਆਪਣੇ ਚਾਚੇ ਨੂੰ ਲੈ ਕੇ ਉਸੇ ਵੇਲੇ ਪਿੰਡ ਪਹੁੰਚ ਗਿਆ।

ਪੀੜਤ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਦੇ ਕਾਤਲਾਂ ਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਪਿਤਾ ਦੇ ਕਾਤਲ ਨਹੀਂ ਫੜੇ ਜਾਂਦੇ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦੂਜੇ ਪਾਸੇ ਦੇਰ ਸ਼ਾਮ ਤੱਕ ਪੁਲਿਸ ਅਧਿਕਾਰੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਕੇ ਕਾਤਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੇਰ ਰਾਤ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ।

ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਗੁਰਮੇਲ ਚੰਦ ਦੇ ਪੁੱਤਰ ਬਲਵਿੰਦਰ ਕੁਮਾਰ ਦੇ ਬਿਆਨਾਂ ’ਤੇ ਆਈ.ਪੀ.ਸੀ. ਸਦਰ ਜਮਸ਼ੇਰ ਥਾਣੇ ਵਿੱਚ ਆਈ.ਪੀ.ਸੀ ਦੀ ਧਾਰਾ 302 ਤਹਿਤ ਐਫ.ਆਈ.ਆਰ. ਨੰਬਰ 144 ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਰਮੇਲ ਰਾਮ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਘਟਨਾ ਦਾ ਪਤਾ ਲਗਾ ਲਿਆ ਜਾਵੇਗਾ।

ਪੁੱਤਰ ਬਲਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਗੁਰਮੇਲ ਰਾਮ ਹਰ ਰੋਜ਼ ਸਾਈਕਲ ’ਤੇ ਪੰਡੋਰੀ ਦੀ ਕੱਚੀ ਸੜਕ ਵੱਲ ਜਾਂਦਾ ਸੀ ਅਤੇ ਉਸ ਦੇ ਪਰਸ ਵਿੱਚ ਪੈਸੇ ਵੀ ਸਨ। ਜਦੋਂ ਪਿਤਾ ਖੂਨ ਨਾਲ ਲੱਥਪੱਥ ਹਾਲਤ ‘ਚ ਆਪਣੇ ਸਾਈਕਲ ਦੇ ਕੋਲ ਪਿਆ ਸੀ ਤਾਂ ਉਸ ਦਾ ਪਰਸ ਵੀ ਖਾਲੀ ਸੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਨਸ਼ੇ ‘ਚ ਟੱਲੀ ਲੁਟੇਰਿਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਪਰਸ ‘ਚੋਂ ਪੈਸੇ ਵੀ ਕੱਢ ਲਏ ਸਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਕਤਲ ਦਾ ਮਾਮਲਾ ਲੁੱਟ-ਖੋਹ ਨਾਲ ਸਬੰਧਤ ਹੈ। ਬਲਵਿੰਦਰ ਨੇ ਦੱਸਿਆ ਕਿ ਉਸ ਦਾ ਪਿੰਡ ਨਸ਼ੇ ਦੇ ਕਾਰੋਬਾਰ ਲਈ ਬਦਨਾਮ ਹੈ। ਇਸੇ ਪਿੰਡ ਦੇ ਨੰਬਰਦਾਰ ਰਾਮ ਗੋਪਾਲ ਸ਼ਰਮਾ ਦਾ ਵੀ ਕਰੀਬ ਦੋ ਸਾਲ ਪਹਿਲਾਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਨਸ਼ੇ ਦੇ ਸੌਦਾਗਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਅਜੇ ਤੱਕ ਰਾਮ ਗੋਪਾਲ ਦੇ ਸਾਰੇ ਕਾਤਲਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ।

By admin

Related Post

Leave a Reply