ਲਖਨਊ : ਲਖਨਊ (Lucknow) ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਨੇ ਅੱਜ 2005 ਦੇ ਸਾਬਕਾ ਬਸਪਾ ਵਿਧਾਇਕ ਰਾਜੂ ਪਾਲ ਦੇ ਕਤਲ ਕੇਸ ਵਿੱਚ 7 ਲੋਕਾਂ ਨੂੰ ਦੋਸ਼ੀ ਠਹਿਰਾਇਆ। ਜਿਸ ਤੋਂ ਬਾਅਦ ਅਦਾਲਤ ਨੇ 6 ਦੋਸ਼ੀਆਂ ਨੂੰ ਉਮਰ ਕੈਦ ਅਤੇ 1 ਦੋਸ਼ੀ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਮਾਫੀਆ ਤੋਂ ਨੇਤਾ ਬਣੇ ਅਤੀਕ ਅਹਿਮਦ ਵੀ ਇਸ ਮਾਮਲੇ ‘ਚ ਦੋਸ਼ੀ ਸਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਤੀਕ ਅਹਿਮਦ, ਉਸ ਦੇ ਭਰਾ ਅਤੇ ਮੁੱਖ ਦੋਸ਼ੀ ਖਾਲਿਦ ਅਜ਼ੀਮ ਉਰਫ ਅਸ਼ਰਫ ਅਤੇ ਗੁਲਬੁਲ ਉਰਫ ਰਫੀਕ ਵਿਰੁੱਧ ਮੁਕੱਦਮਾ ਉਨ੍ਹਾਂ ਦੀ ਮੌਤ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਅਤੀਕ ਅਹਿਮਦ ਦੇ ਭਰਾ ਅਸ਼ਰਫ ਨਾਲ ਸਿਆਸੀ ਰੰਜਿਸ਼ ਦੇ ਨਤੀਜੇ ਵਜੋਂ 25 ਜਨਵਰੀ 2005 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਆਗੂ ਰਾਜੂ ਪਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਾਜੂ ਪਾਲ ਨੇ ਨਵੰਬਰ 2004 ਵਿੱਚ ਪ੍ਰਯਾਗਰਾਜ ਪੱਛਮੀ ਸੀਟ ਤੋਂ ਅਤੀਕ ਦੇ ਛੋਟੇ ਭਰਾ ਮੁਹੰਮਦ ਅਸ਼ਰਫ ਨੂੰ ਹਰਾ ਕੇ ਉਪ ਚੋਣ ਜਿੱਤੀ ਸੀ। ਬਸਪਾ ਨੇਤਾ ਰਾਜੂ ਪਾਲ 2002 ‘ਚ ਇਸ ਸੀਟ ‘ਤੇ ਅਤੀਕ ਅਹਿਮਦ ਤੋਂ ਚੋਣ ਹਾਰ ਗਏ ਸਨ ਪਰ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਜਦੋਂ ਅਤੀਕ ਨੇ ਇਹ ਸੀਟ ਖਾਲੀ ਕੀਤੀ ਤਾਂ ਪਾਲ ਨੇ ਉਪ ਚੋਣ ‘ਚ ਅਸ਼ਰਫ ਨੂੰ ਹਰਾਇਆ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 2016 ਵਿੱਚ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।
ਲਖਨਊ ਦੇ ਵਿਸ਼ੇਸ਼ ਸੀ.ਬੀ.ਆਈ ਜੱਜ ਨੇ ਇਸ ਮਾਮਲੇ ਵਿੱਚ ਰਣਜੀਤ ਪਾਲ, ਆਬਿਦ, ਫਰਹਾਨ ਅਹਿਮਦ, ਇਸਰਾਰ ਅਹਿਮਦ, ਜਾਵੇਦ, ਗੁਲਹਾਸਨ ਅਤੇ ਅਬਦੁਲ ਕਵੀ ਨੂੰ ਅਪਰਾਧਿਕ ਸਾਜ਼ਿਸ਼ ਅਤੇ ਕਤਲ ਸਮੇਤ ਗੰਭੀਰ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ। ਦੋਸ਼ੀ ਫਰਹਾਨ ਅਹਿਮਦ ਨੂੰ ਵੀ ਭਾਰਤੀ ਹਥਿਆਰ ਐਕਟ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪਿਛਲੇ ਸਾਲ 15 ਅਪ੍ਰੈਲ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਦੋਵਾਂ ‘ਤੇ ਗੋਲੀਬਾਰੀ ਕਰ ਦਿੱਤੀ ਸੀ ਜਦੋਂ ਪੁਲਿਸ ਉਨ੍ਹਾਂ ਨੂੰ ਆਪਣੀ ਹਿਰਾਸਤ ਦੌਰਾਨ ਪ੍ਰਯਾਗਰਾਜ ਦੇ ਇੱਕ ਮੈਡੀਕਲ ਕਾਲਜ ਲੈ ਕੇ ਆਈ ਸੀ। ਅਤੀਕ ਅਤੇ ਅਸ਼ਰਫ ‘ਤੇ ਗੋਲੀਬਾਰੀ ਦੀ ਘਟਨਾ ਨੂੰ ਮੀਡੀਆ ਦੇ ਕੈਮਰਿਆਂ ਨੇ ਰਿਕਾਰਡ ਕਰ ਲਿਆ। ਪੁਲਿਸ ਅਤੀਕ ਅਤੇ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾ ਰਹੀ ਸੀ। ਘੱਟ ਤੋਂ ਘੱਟ ਦੋ ਵਿਅਕਤੀਆਂ ਨੂੰ ਅਤੀਕ ਅਹਿਮਦ ਅਤੇ ਅਸ਼ਰਫ ‘ਤੇ ਨੇੜਿਓਂ ਗੋਲੀਬਾਰੀ ਕਰਦੇ ਦੇਖਿਆ ਗਿਆ। ਇਸ ਦੌਰਾਨ ਅਤੀਕ ਅਤੇ ਅਸ਼ਰਫ ਜ਼ਮੀਨ ‘ਤੇ ਡਿੱਗ ਪਏ, ਜਦਕਿ ਪੁਲਿਸ ਮੁਲਾਜ਼ਮਾਂ ਨੇ ਹਮਲਾਵਰਾਂ ਨੂੰ ਕਾਬੂ ਕਰ ਲਿਆ।