ਮਾਹਿਲਪੁਰ : ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪੈਂਦੇ ਕਸਬਾ ਮਾਹਿਲਪੁਰ ਦੇ ਬਾਹਰ ਸੁੰਨਸਾਨ ਖੇਤਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਥਾਣਾ ਮਾਹਿਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮਾਹਿਲਪੁਰ ਦੇ ਪ੍ਰਧਾਨ ਦਾਈਆ ਮੇਘੋਵਾਲ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਮਨਦੀਪ ਸਿੰਘ (29) ਬੀਤੀ ਰਾਤ 8 ਵਜੇ ਘਰੋਂ ਪਨੀਰ ਖਰੀਦਣ ਗਿਆ ਸੀ। ਜਦੋਂ ਉਹ ਦੇਰ ਰਾਤ ਘਰ ਨਹੀਂ ਪੁੱਜਿਆ ਤਾਂ ਰਾਤ 2 ਵਜੇ ਤੱਕ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ। ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮਾਹਿਲਪੁਰ ਦੇ ਬਾਹਰ ਕਲਗੀਧਰ ਆਈ.ਆਈ.ਟੀ. ਨੇੜੇ ਹੀ ਇੱਕ ਲਾਸ਼ ਪਈ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਮੌਕੇ ‘ਤੇ ‘ਤੇ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਨੰਬਰ ਪੀ.ਬੀ. 07 ਬੀਟੀ 1848 ਨੂੰ ਹੇਠਾਂ ਡਿੱਗਾ ਹੋਇਆ ਸੀ। ਲਾਸ਼ ਮੋਟਰਸਾਈਕਲ ਤੋਂ ਕਰੀਬ 50 ਫੁੱਟ ਦੂਰ ਤੇ ਪਈ ਸੀ। ਦਇਆ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਨਦੀਪ ਸਿੰਘ ਨੇ ਵੀ ਕੈਨੇਡਾ ਜਾਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਅੱਜ ਸਵੇਰੇ ਮਿਲੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਐੱਸ.ਪੀ. ਹੁਸ਼ਿਆਰਪੁਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਮੌਤ ਓਵਰਡੋਜ਼ ਕਾਰਨ ਹੋਈ ਜਾਪਦੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।