ਆਨੰਦਪੁਰ ਸਾਹਿਬ : ਪੰਜਾਬ ਦਾ ਪਹਿਲਾ ‘ਸਕੂਲ ਆਫ ਹੈਪੀਨੈੱਸ’ ਆਨੰਦਪੁਰ ਸਾਹਿਬ (Anandpur Sahib) ਵਿੱਚ ਖੁੱਲ੍ਹੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦਾ ਪਹਿਲਾ “ਸਕੂਲ ਆਫ ਹੈਪੀਨੈੱਸ” ਸ਼੍ਰੀ ਅਨੰਦਪੁਰ ਸਾਹਿਬ ਵਿੱਚ ਖੁੱਲਣ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਨੰਦਪੁਰ ਸਾਹਿਬ ‘ਚ ਪੰਜਾਬ ਦਾ ਪਹਿਲਾ ‘ਸਕੂਲ ਆਫ ਹੈਪੀਨੈੱਸ’ ਖੁੱਲ੍ਹੇਗਾ। ਸਰਕਾਰੀ ਪ੍ਰਾਇਮਰੀ ਸਕੂਲ ਬਣ ਜਾਣਗੇ “ਖੁਸ਼ੀ ਦੇ ਸਕੂਲ”। ਆਨੰਦਪੁਰ ਦੇ ਪਿੰਡ ਲਖੇੜੀ ਵਿੱਚ ਖੁੱਲ੍ਹੇਗਾ ‘ਸਕੂਲ ਆਫ ਹੈਪੀਨੇਸ’। ਸ਼ਨੀਵਾਰ ਨੂੰ ਬੈਗ ਮੁਫਤ ਹੋਣਗੇ। ਸਕੂਲ ਬਾਲ ਦਿਵਸ ‘ਤੇ ਸ਼ੁਰੂ ਹੋ ਸਕਦਾ ਹੈ। ਪੰਜਾਬ ਭਰ ਵਿੱਚ 132 “ਸਕੂਲ ਆਫ਼ ਹੈਪੀਨੈਸ” ਖੋਲ੍ਹੇ ਜਾਣਗੇ। 10 ਸ਼ਹਿਰੀ ਅਤੇ 122 ਪੇਂਡੂ ਖੇਤਰਾਂ ਵਿੱਚ ਹੋਣਗੇ। ਇਸ ਵਿੱਚ 8 ਕਲਾਸਰੂਮ, ਕੰਪਿਊਟਰ ਲੈਬ, ਕ੍ਰਿਕਟ, ਬੈਡਮਿੰਟਨ, ਫੁੱਟਬਾਲ ਸਟੇਡੀਅਮ ਅਤੇ ਵੱਖ-ਵੱਖ ਉਮਰ ਵਰਗਾਂ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ।
ਰੰਗੀਨ ਕਲਾਸਰੂਮ ਅਤੇ ਰੰਗੀਨ ਫਰਨੀਚਰ ਬੱਚਿਆਂ ਨੂੰ ਪੜ੍ਹਾਈ ਵੱਲ ਆਕਰਸ਼ਿਤ ਕਰਨਗੇ। ਕਿਤਾਬਾਂ ਨੂੰ ਵੀ ਵੱਖਰੇ ਆਕਰਸ਼ਕ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇਗਾ। ਬੱਚੇ ਕਲਾ, ਸੰਗੀਤ ਅਤੇ ਡਾਂਸ ਵਿੱਚ ਵੀ ਸ਼ਾਮਲ ਹੋਣਗੇ। ਪੰਜਾਬ ਵਿੱਚ ਇਸ ਵੇਲੇ ਪੰਜਵੀਂ ਜਮਾਤ ਤੱਕ 12800 ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ਵਿੱਚ 48000 ਅਧਿਆਪਕ 14 ਲੱਖ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਸ਼ੁਰੂ ਵਿੱਚ ਸਰਕਾਰ ਨੇ 10 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਸੀ, ਜਿਸ ਨੂੰ ਭਵਿੱਖ ਵਿੱਚ ਹੋਰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਨਾਬਾਰਡ ਦੀ ਮਦਦ ਨਾਲ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।