ਚੰਡੀਗੜ੍ਹ: ਹਰਿਆਣਾ ਐਂਟੀ ਕਰੱਪਸ਼ਨ ਬਿਊਰੋ (Haryana Anti-Corruption Bureau) ਦੀ ਟੀਮ ਨੇ ਪਲਵਲ ਜ਼ਿਲ੍ਹੇ ਵਿੱਚ ਤਾਇਨਾਤ ਸਹਾਇਕ ਖੇਤੀਬਾੜੀ ਇੰਜੀਨੀਅਰ ਅਮੀਨ ਨੂੰ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਰਿਸ਼ਵਤ ਮੁਲਜ਼ਮਾਂ ਵੱਲੋਂ ਸ਼ਿਕਾਇਤਕਰਤਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮ ਤਹਿਤ ਸਬਸਿਡੀ ਦਾ ਲਾਭ ਦੇਣ ਦੇ ਬਦਲੇ ਵਿੱਚ ਮੰਗੀ ਜਾ ਰਹੀ ਸੀ। ਫੜੇ ਗਏ ਮੁਲਜ਼ਮਾਂ ਤੋਂ ਏ.ਸੀ.ਬੀ. ਦੀ ਟੀਮ ਪੁੱਛਗਿੱਛ ਕਰ ਰਹੀ ਹੈ।

ਏ.ਸੀ.ਬੀ. ਦੇ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੂੰ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮ ਤਹਿਤ ਸਬਸਿਡੀ ਲਈ ਯੋਗ ਹੈ। ਸ਼ਿਕਾਇਤਕਰਤਾ ਨੂੰ ਇਸ ਸਬਸਿਡੀ ਦਾ ਲਾਭ ਦਿਵਾਉਣ ਦੇ ਬਦਲੇ ਕਥਿਤ ਦੋਸ਼ੀ ਸਹਾਇਕ ਖੇਤੀਬਾੜੀ ਇੰਜੀਨੀਅਰ ਆਮੀਨ ਵੱਲੋਂ 45,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਏ.ਸੀ.ਬੀ. ਦੀ ਟੀਮ ਨੇ ਦੋਸ਼ੀ ਨੂੰ ਫੜਨ ਦੀ ਯੋਜਨਾ ਬਣਾਈ ਅਤੇ ਦੋਸ਼ੀ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਸਾਰੀ ਕਾਰਵਾਈ ਨਿਰਪੱਖਤਾ ਨਾਲ ਅਤੇ ਗਵਾਹਾਂ ਦੇ ਸਾਹਮਣੇ ਪੂਰੀ ਪਾਰਦਰਸ਼ਤਾ ਨਾਲ ਹੋਈ।

ਏ.ਸੀ.ਬੀ. ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਹਰਿਆਣਾ ਐਂਟੀ ਕੁਰੱਪਸ਼ਨ ਬਿਊਰੋ, ਫਰੀਦਾਬਾਦ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਆਮ ਜਨਤਾ ਨੂੰ ਅਪੀਲ ਕਰਦੇ ਹੋਏ ਏ.ਸੀ.ਬੀ. ਦੇ ਬੁਲਾਰੇ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਉਹ ਤੁਰੰਤ ਇਸਦੀ ਸੂਚਨਾ ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਟੋਲ ਫਰੀ ਨੰਬਰ – 1800-180-2022 ‘ਤੇ ਦੇਣਾ ਯਕੀਨੀ ਬਣਾਉਣ। ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply