ਨਵੀਂ ਦਿੱਲੀ : ਨਿਸ਼ਾਨੇਬਾਜ਼ ਸਰਬਜੋਤ ਸਿੰਘ (Sarbjot Singh) ਨੇ ਮੰਗਲਵਾਰ ਨੂੰ ਕੋਰੀਆ ਦੇ ਚਾਂਗਵੋਨ ਵਿੱਚ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਪੈਰਿਸ ਓਲੰਪਿਕ (Paris Olympics) ਕੋਟਾ ਵਿੱਚ ਥਾਂ ਪੱਕੀ ਕੀਤੀ। ਸਰਬਜੋਤ ਨੇ ਫਾਈਨਲ ਵਿੱਚ 221.1 ਦਾ ਸਕੋਰ ਕੀਤਾ। ਉਹ ਚੀਨ ਦੇ ਝਾਂਗ ਯਿਫਾਨ (ਸੋਨੇ, 243.7) ਅਤੇ ਲਿਊ ਜਿਨਯਾਓ (242.1) ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ ਤੇ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਅੱਠਵਾਂ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਪਿਸਟਲ ਮੁਕਾਬਲੇ ਵਿੱਚ ਇਹ ਦੇਸ਼ ਦਾ ਪਹਿਲਾ ਓਲੰਪਿਕ (2024) ਕੋਟਾ ਹੈ।
ਭਾਰਤੀ ਨਿਸ਼ਾਨੇਬਾਜ਼ ਨੇ ਇਸ ਤੋਂ ਪਹਿਲਾਂ 581 ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਚੀਨ ਨੇ ਇਸ ਈਵੈਂਟ ਵਿੱਚ ਪਹਿਲਾਂ ਹੀ ਆਪਣੇ ਦੋਵੇਂ ਕੋਟਾ ਸਥਾਨ ਹਾਸਲ ਕਰ ਲਏ ਹਨ ਜਦਕਿ ਫਾਈਨਲ ਵਿੱਚ ਪਹੁੰਚਣ ਵਾਲੇ ਕੋਰੀਆ ਦੇ ਦੋ ਨਿਸ਼ਾਨੇਬਾਜ਼ਾਂ ਵਿੱਚੋਂ ਸਿਰਫ਼ ਇੱਕ ਹੀ ਕੋਟਾ ਹਾਸਲ ਕਰਨ ਦੇ ਯੋਗ ਸੀ। ਸਬਰਜੋਤ ਨੇ ਪਹਿਲੇ ਪੰਜ ਅੰਕਾਂ ਤੋਂ ਬਾਅਦ ਬੜ੍ਹਤ ਹਾਸਲ ਕਰ ਲਈ ਸੀ ਪਰ ਇਸ ਤੋਂ ਬਾਅਦ ਚੀਨ ਦੇ ਦੋਵੇਂ ਖਿਡਾਰੀ ਉਸ ਨੂੰ ਪਿੱਛੇ ਛੱਡਣ ਵਿਚ ਸਫਲ ਰਹੇ।
ਮਹਿਲਾ ਏਅਰ ਪਿਸਟਲ ਮੁਕਾਬਲੇ ਵਿੱਚ ਸਿਰਫ਼ ਰੈਂਕਿੰਗ ਅੰਕਾਂ ਲਈ ਖੇਡ ਰਹੀਆਂ ਭਾਰਤੀਆਂ ਸਮੇਤ ਪੰਜ ਨਿਸ਼ਾਨੇਬਾਜ਼ਾਂ ਵਿੱਚੋਂ ਕੋਈ ਵੀ ਚੋਟੀ ਦੇ ਅੱਠ ਵਿੱਚ ਥਾਂ ਨਹੀਂ ਬਣਾ ਸਕੀਆਂ। ਰਿਦਮ ਸਾਂਗਵਾਨ (577), ਈਸ਼ਾ ਸਿੰਘ (576), ਸੁਰਭੀ ਰਾਓ (575) ਕ੍ਰਮਵਾਰ 11ਵੇਂ, 13ਵੇਂ ਅਤੇ 15ਵੇਂ ਸਥਾਨ ‘ਤੇ ਰਹੇ ਜਦਕਿ ਰੁਚਿਤਾ ਵਿਨੇਰਕਰ (571) 22ਵੇਂ ਅਤੇ ਪਲਕ (570) 25ਵੇਂ ਸਥਾਨ ‘ਤੇ ਰਹੀਆਂ। ਪੁਰਸ਼ਾਂ ਦੇ ਏਅਰ ਪਿਸਟਲ ਵਿੱਚ ਹੋਰ ਭਾਰਤੀਆਂ ਵਿੱਚ ਵਰੁਣ ਤੋਮਰ (578) ਅਤੇ ਕੁਨਾਲ ਰਾਣਾ (577) ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ ’ਤੇ ਰਹੇ ਜਦਕਿ ਸ਼ਿਵਾ (576) 20ਵੇਂ ਅਤੇ ਸੌਰਭ ਚੌਧਰੀ (569) 35ਵੇਂ ਸਥਾਨ ’ਤੇ ਰਹੇ।
The post ਸਰਬਜੋਤ ਨੇ ਕਾਂਸੀ ਦੇ ਤਗਮੇ ਨਾਲ ਭਾਰਤ ਲਈ ਪੈਰਿਸ ਓਲੰਪਿਕ ‘ਚ ਥਾਂ ਕੀਤੀ ਪੱਕੀ appeared first on Time Tv.