ਪੰਜਾਬ : ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਸੁੱਖਾ ਚਿੜਾ ਦੇ ਵਿਦਿਆਰਥੀ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਲਖਵਿੰਦਰ ਕੌਰ ਕੋਮਲ (21) ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੜਾ ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਛੁੱਟੀਆਂ ਹੋਣ ਕਾਰਨ ਉਹ ਆਪਣੇ 5 ਦੋਸਤਾਂ ਨਾਲ ਕਾਰ ‘ਚ ਕੰਮ ‘ਤੇ ਜਾ ਰਹੀ ਸੀ ਤਾਂ ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਟਕਰਾ ਗਈ, ਜਿਸ ਕਾਰਨ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਅਤੇ ਤਿੰਨ ਹੋਰ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖਾ ਚਿੜਾ ਨੇ ਕਿਹਾ ਕਿ ਇਹ ਇੱਕ ਮਿਹਨਤੀ ਪਰਿਵਾਰ ਹੈ। ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ। ਬਹੁਤ ਮਿਹਨਤ ਕਰਨ ਅਤੇ ਕੁਝ ਕਰਜ਼ਾ ਲੈ ਕੇ ਉਸ ਨੇ ਆਪਣੀ ਧੀ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਸਿਰਫ਼ 2 ਸਮੈਸਟਰ ਹੀ ਕਲੀਅਰ ਹੋਏ ਸਨ।

Leave a Reply