ਵੋਟਰ ਇਨ੍ਹਾਂ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਂਹੀ ਪਾ ਸਕਣਗੇ ਵੋਟ
By admin / March 22, 2024 / No Comments / Punjabi News
ਚੰਡੀਗੜ੍ਹ : ਲੋਕ ਸਭਾ ਚੋਣਾਂ-2024 (Lok Sabha Elections 2024) ਦੌਰਾਨ ਪੰਜਾਬ ਦੇ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਨੇ 1 ਜੂਨ, 2024 ਨੂੰ ਵੋਟ ਪਾਉਣ ਲਈ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਵੋਟਰ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਆਪਣੀ ਪਛਾਣ ਵਜੋਂ ਪੋਲਿੰਗ ਬੂਥ ‘ਤੇ ਲੈ ਜਾ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਜਿਹੜੇ ਵੋਟਰ ਫੋਟੋ ਪਛਾਣ ਪੱਤਰ ਪੇਸ਼ ਨਹੀਂ ਕਰ ਸਕਦੇ ਹਨ, ਉਹ ਆਪਣੀ ਪਛਾਣ ਸਥਾਪਤ ਕਰਨ ਲਈ 12 ਹੋਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਵਾਲਾ ਚੋਣ ਸ਼ਨਾਖਤੀ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਫੋਟੋ ਵਾਲੀ ਪਾਸਬੁੱਕ ਬੈਂਕ/ਡਾਕਘਰ ਤੋਂ ਜਾਰੀ ਕਰ ਸਕਦੇ ਹਨ। ਕਿਰਤ ਮੰਤਰਾਲੇ ਦੀ ਸਕੀਮ ਦੇ ਤਹਿਤ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, NPR ਦੇ ਤਹਿਤ RGI ਦੁਆਰਾ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਸੇਵਾ ਪਛਾਣ ਪੱਤਰ, ਐਮ.ਪੀ.ਐਮ.ਐਲ.ਏ. ਨੂੰ ਜਾਰੀ ਕੀਤਾ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੀ ਸਮਾਜਿਕ ਨਿਆਂ ਅਥਾਰਟੀ ਦੁਆਰਾ ਜਾਰੀ ਕੀਤਾ ਵਿਲੱਖਣ ਅਪੰਗਤਾ ਪਛਾਣ ਪੱਤਰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹੋ।
ਸਮੂਹ ਵੋਟਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ‘ਇਸ ਵਾਰ 70 ਨੂੰ ਪਾਰ ਕਰਨਾ’ ਹੈ ਅਤੇ ਇਹ ਵੋਟਰਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਰੇ ਵੋਟਰਾਂ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।