ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (The Mata Vaishno Devi Shrine Board) ਵੱਲੋਂ ਆਪਣੀ ਤਰਫ ਦੀ ਪਹਿਲੀ ਪਹਿਲਕਦਮੀ ‘ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸਾਦ ਵਜੋਂ ਇਕ ਬੂਟਾ ਦਿੱਤਾ ਜਾਵੇਗਾ। ਮਾਤਾ ਵੈਸ਼ਨੋ ਦੇਵੀ ਦਾ ਇਹ ਮੰਦਰ ਰਾਜ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਸ਼ਹਿਰ ਦੀ ਤ੍ਰਿਕੁਟਾ ਪਹਾੜੀਆਂ ‘ਤੇ ਸਥਿਤ ਹੈ।

ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਸਹਾਇਕ ਵਣ ਸੰਰਖਿਅਕ ਵਿਨੈ ਖਜੂਰੀਆ ਨੇ ਕਿਹਾ, ‘ਨਿਹਾਰਿਕਾ ਭਵਨ ਵਿਖੇ ਇੱਕ ਕਿਓਸਕ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਬੂਟੇ ਪ੍ਰਦਾਨ ਕਰੇਗਾ ਤਾਂ ਜੋ ਉਹ ਇਸਨੂੰ ਮਾਤਾ ਵੈਸ਼ਨੋ ਦੇਵੀ ਨੂੰ ਭੇਟ ਕਰ ਸਕਣ। ਉਨ੍ਹਾਂ ਦੀ ਵਾਪਸੀ ‘ਤੇ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਵਰਦਾਨ ਵਜੋਂ ਲਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਧਰਤੀ ਨੂੰ ਜਲਵਾਯੂ ਤਬਦੀਲੀ ਅਤੇ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਫਲੋਰੀਕਲਚਰ ਦੇ ਦੋ ਤੋਂ ਤਿੰਨ ਲੱਖ ਪੌਦੇ ਅਤੇ ਇੱਕ ਲੱਖ ਤੋਂ ਵੱਧ ਜੰਗਲੀ ਕਿਸਮਾਂ ਦੇ ਮਿੱਥੇ ਟੀਚੇ ਅਨੁਸਾਰ ਲਗਾਏ ਜਾਂਦੇ ਹਨ।

ਉਨ੍ਹਾਂ ਨੇ ਕਿਹਾ ‘ਅਗਲੇ ਕੁਝ ਦਿਨਾਂ ਵਿੱਚ, ਬੋਰਡ ਰਸਮੀ ਤੌਰ ‘ਤੇ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਪ੍ਰਸਾਦ ਵਜੋਂ ਬੂਟੇ ਦੇਣਾ ਸ਼ੁਰੂ ਕਰਨ ਜਾ ਰਿਹਾ ਹੈ। ਸ਼ਰਧਾਲੂ ਮਾਤਾ ਰਾਣੀ ਦੇ ਆਸ਼ੀਰਵਾਦ ਵਜੋਂ ਆਪਣੇ ਨਾਲ ਬੂਟੇ ਲੈ ਜਾ ਸਕਦੇ ਹਨ।

ਵਰਨਣਯੋਗ ਹੈ ਕਿ ਕਟੜਾ ਨੇੜੇ ਪੰਥਲ ਖੇਤਰ ਦੇ ਕੁਨੀਆ ਪਿੰਡ ਵਿੱਚ ਸ਼੍ਰਾਈਨ ਬੋਰਡ ਵੱਲੋਂ ਵਿਸ਼ੇਸ਼ ਤੌਰ ‘ਤੇ ਇੱਕ ਉੱਚ ਤਕਨੀਕ ਵਾਲੀ ਨਰਸਰੀ ਸਥਾਪਤ ਕੀਤੀ ਗਈ ਹੈ। ਹਰ ਸਾਲ ਲਗਭਗ ਇੱਕ ਕਰੋੜ ਸ਼ਰਧਾਲੂ ਪਵਿੱਤਰ ਗੁਫਾ ਮੰਦਰ ਦੇ ਦਰਸ਼ਨਾਂ ਲਈ ਕਟੜਾ ਆਉਂਦੇ ਹਨ।

Leave a Reply