ਫ਼ਿਰੋਜ਼ਪੁਰ : ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ (Sanjay Sahu) ਦੀ ਅਗਵਾਈ ਹੇਠ ਹੈੱਡਕੁਆਰਟਰ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ (Headquarter Special Ticket Checking Campaign) ਤਹਿਤ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਖਿੜਕੀ ‘ਤੇ ਟਿਕਟਾਂ ਦੀ ਵਿਕਰੀ ਵਧਾਉਣ ਲਈ ਟਿਕਟ ਚੈਕਿੰਗ ਸਟਾਫ਼ ਦੀ ਢੁਕਵੀਂ ਤਾਇਨਾਤੀ ਲਈ ਯੋਜਨਾ ਬਣਾਈ ਜਾ ਰਹੀ ਹੈ। ਵੱਖ-ਵੱਖ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮ ਬਣਾ ਕੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੀ ਅਗਵਾਈ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਚੀਫ ਰਿਜਨਲ ਮੈਨੇਜਰ ਅੰਮ੍ਰਿਤਸਰ ਅਤੇ ਸ੍ਰੀਨਗਰ, ਸਟੇਸ਼ਨ ਡਾਇਰੈਕਟਰ ਲੁਧਿਆਣਾ ਅਤੇ ਜੰਮੂ ਤਵੀ ਅਤੇ ਸਹਾਇਕ ਕਮਰਸ਼ੀਅਲ ਮੈਨੇਜਰਾਂ ਵੱਲੋਂ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਫ਼ਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ-ਅੰਮ੍ਰਿਤਸਰ, ਫ਼ਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਸ੍ਰੀਨਗਰ-ਬਨਿਹਾਲ ਆਦਿ ਹਿੱਸਿਆਂ ‘ਤੇ ਟਿਕਟ ਚੈਕਿੰਗ ਮੁਹਿੰਮ ਚੱਲ ਰਹੀ ਹੈ। ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 12,459 ਰੇਲਵੇ ਯਾਤਰੀਆਂ ਤੋਂ 81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ।