ਅੰਬਾਲਾ : ਹਰਿਆਣਾ ‘ਚ ਲੋਕ ਸਭਾ ਚੋਣਾਂ (Lok Sabha Elections) ਸਿਰ ‘ਤੇ ਹਨ। ਸਾਰੇ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਹਰ ਰੋਜ਼ ਨੇਤਾਵਾਂ ਨੂੰ ਕਿਸਾਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਸਾਬਕਾ ਗ੍ਰਹਿ ਮੰਤਰੀ ਅਤੇ ਛਾਉਣੀ ਦੇ ਵਿਧਾਇਕ ਅਨਿਲ ਵਿਜ (Anil Vij) ਅੱਜ ਅੰਬਾਲਾ ਛਾਉਣੀ ਵਿਧਾਨ ਸਭਾ ਖੇਤਰ ਦੇ ਪੰਜੋਖਰਾ ਪਹੁੰਚੇ ਸਨ। ਇੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇੱਕ ਤੋਂ ਬਾਅਦ ਇੱਕ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਵਿਜ ਵੀ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ।
ਕਿਸਾਨਾਂ ਨੇ ਵਿਜ ਨੂੰ ਸਵਾਲ ਕੀਤਾ ਕਿ ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾ ਰਹੇ ਸਨ, ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਕਿਉਂ ਰੋਕਿਆ ਗਿਆ, ਉਨ੍ਹਾਂ ‘ਤੇ ਗੋਲੀਆਂ ਕਿਉਂ ਚਲਾਈਆਂ ਗਈਆਂ। ਇਸ ‘ਤੇ ਵਿਜ ਨੇ ਕਿਹਾ ਕਿ ਮੈਂ ਉਸ ਸਮੇਂ ਗ੍ਰਹਿ ਮੰਤਰੀ ਸੀ, ਮੈਂ ਭੱਜ ਨਹੀਂ ਸਕਦਾ, ਮੈਂ ਆਪਣੀ ਜ਼ਿੰਮੇਵਾਰੀ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਗੋਲੀ ਚਲਾਈ ਜਾਂ ਨਹੀਂ, ਪਰ ਮੈਂ ਗ੍ਰਹਿ ਮੰਤਰੀ ਸੀ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਜਲ ਤੋਪਾਂ ਵੀ ਚਲਾਈਆਂ ਗਈਆਂ। ਅੱਜ ਤੁਹਾਡੀ ਸਰਕਾਰ ਹੈ, ਇੱਕ ਵੀ ਵਿਅਕਤੀ ਲਈ ਚੰਡੀਗੜ੍ਹ ਜਾਂ ਹਸਪਤਾਲ ਜਾਣ ਦਾ ਰਸਤਾ ਕਿਉਂ ਨਹੀਂ ਖੋਲ੍ਹਿਆ ਗਿਆ।
ਵਿਜ ਨੇ ਕਿਹਾ- ਹੁਣ ਮੈਂ ਸਿਰਫ਼ ਵਿਧਾਇਕ ਹਾਂ
ਵਿਜ ਨੇ ਕਿਹਾ ਕਿ ਤੁਸੀਂ ਮੈਨੂੰ ਰੋਕਿਆ ਮੈਂ ਭੱਜਿਆ ਤਾਂ ਨਹੀਂ। ਦੂਜੇ ਨੇਤਾਵਾਂ ਵਾਂਗ ਮੈਂ ਭੱਜਿਆ ਨਹੀਂ, ਤੁਸੀਂ ਅਤੇ ਮੈਂ ਇੱਕ ਹਾਂ। ਸਾਡੇ ਮੁੱਦੇ ਵੱਖਰੇ ਹੋ ਸਕਦੇ ਹਨ, ਪਰ ਅਸੀਂ ਇੱਕ ਹਾਂ। ਵਿੱਜ ਨੇ ਕਿਹਾ ਕਿ ਮੈਂ ਤਾਂ ਹੁਣ ਸਿਰਫ਼ ਐਮ.ਐਲ.ਏ. ਹਾਂ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਕੰਮ ਕੀਤਾ ਹੈ। ਇਸ ‘ਤੇ ਕਿਸਾਨਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਤੁਸੀਂ ਕੰਮ ਕੀਤਾ ਹੈ।