ਵਿਦੇਸ਼ ‘ਚ ਤੇਜ਼ਧਾਰ ਹਥਿਆਰ ਨਾਲ ਪੰਜਾਬੀ ਨੌਜਵਾਨ ਦੀ ਕੀਤੀ ਹੱਤਿਆ
By admin / May 6, 2024 / No Comments / Punjabi News
ਦੁਬਈ : ਵਿਦੇਸ਼ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦੇ ਰਹਿਣ ਵਾਲੇ 34 ਸਾਲਾ ਇਕ ਨੌਜਵਾਨ ਦੀ ਦੁਬਈ (Dubai) ਵਿਚ ਹੱਤਿਆ ਕਰ ਦਿੱਤੀ ਗਈ ਹੈ ਹੈ। ਮ੍ਰਿਤਕ ਦੀ ਪਛਾਣ ਪੰਕਜ ਡੌਲ ਵਜੋਂ ਹੋਈ ਹੈ। ਉਸ ਦੀ ਮੌਤ ਦੀ ਸੂਚਨਾ ਉਸ ਨਾਲ ਦੁਬਈ ਵਿਚ ਰਹਿੰਦੇ ਉਸ ਦੇ ਛੋਟੇ ਭਰਾ ਗੁਰਪ੍ਰੀਤ ਗੋਪੀ ਡੌਲ ਨੇ ਫੋਨ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ।
ਗੋਪੀ ਨੇ ਦੱਸਿਆ ਕਿ ਪੰਕਜ ਐਤਵਾਰ ਦੁਬਈ ਦੇ ਸ਼ਹਿਰ ਅਲਕੋਜ ਵਿਚ ਸਥਿਤ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਉਸਨੂੰ ਰਸਤੇ ਵਿਚ ਪੱਗ ਬੰਨ੍ਹੀ ਇਕ ਨੌਜਵਾਨ ਨੇ ਰੋਕ ਲਿਆ ਅਤੇ ਮਾਮੂਲੀ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਕੇ ਉਸਦੀ ਹੱਤਿਆ ਕਰ ਦਿੱਤੀ। ਪੰਕਜ ਨੂੰ ਖੂਨ ਵਿਚ ਲਥਪਥ ਹਾਲਤ ਵਿਚ ਛੱਡ ਕੇ ਹੱਤਿਆਰਾ ਮੌਕੇ ਤੋਂ ਫ਼ਰਾਰ ਹੋ ਗਿਆ। ਪੰਕਜ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰਨਾ ਚਾਹਿਆ ਪਰ ਉਹ ਹੱਥ ਨਹੀਂ ਆਇਆ। ਅਲਕੋਜ ਸ਼ਹਿਰ ਦੀ ਪੁਲਿਸ ਇਸ ਸਬੰਧ ਵਿਚ ਸੂਚਿਤ ਕੀਤੇ ਜਾਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪਤਾ ਲੱਗਾ ਹੈ ਕਿ ਪੁਲਿਸ ਨੇ ਹੱਤਿਆਰੇ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਕਜ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਥੇ ਉਹ ਇਕ ਕੰਪਨੀ ਵਿਚ ਫੋਰਮੈਨ ਵਜੋਂ ਨੌਕਰੀ ਕਰਦਾ ਸੀ। ਲੱਗਭਗ ਇਕ ਸਾਲ ਬਾਅਦ ਉਹ ਛੁੱਟੀ ਆਉਂਦਾ ਰਹਿੰਦਾ ਸੀ। 5 ਮਹੀਨੇ ਪਹਿਲਾਂ ਵੀ ਉਹ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਆਇਆ ਸੀ ਅਤੇ 10 ਦਿਨ ਰਹਿ ਕੇ ਵਾਪਸ ਚਲਾ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।