ਕਪੂਰਥਲਾ: ਕਪੂਰਥਲਾ ’ਚ ਪੰਜਾਬ ਮੰਡੀ ਬੋਰਡ (Punjab Mandi Board) ਦੇ ਵਿਜੀਲੈਂਸ ਸੈੱਲ ਨੇ ‘ਆਪ’ ਆਗੂ (AAP leader) ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ’ਚ ਹਲਫ਼ਨਾਮਾ ਮੰਗਿਆ ਹੈ। ‘ਆਪ’ ਆਗੂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ’ਤੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ, ਜਿਸ ’ਤੇ ਵਿਜੀਲੈਂਸ ਸੈੱਲ (vigilance cell) ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਸੈੱਲ ਨੇ 16 ਫਰਵਰੀ ਨੂੰ ਪੱਤਰ ਜਾਰੀ ਕਰਕੇ ‘ਆਪ’ ਆਗੂ ਯਸ਼ਪਾਲ ਆਜ਼ਾਦ ਨੂੰ ਸ਼ਿਕਾਇਤ ਸਬੰਧੀ ਹਲਫ਼ਨਾਮਾ ਦੇਣ ਲਈ ਕਿਹਾ ਹੈ। ਹਲਫੀਆ ਬਿਆਨ ਲਿਖਤੀ ਮੰਗੇ ਗਏ ਹਨ। ਇਸ ਦੇ ਨਾਲ ਹੀ ਵਿਜੀਲੈਂਸ ਨੇ ਉਕਤ ‘ਆਪ’ ਆਗੂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਸ਼ਿਕਾਇਤ ‘ਚ ਰਿਸ਼ਵਤ ਲੈਣ ਦੇ ਦੋਸ਼ ਝੂਠੇ ਪਾਏ ਗਏ ਤਾਂ ਯਸ਼ਪਾਲ ਆਜ਼ਾਦ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਿਕਾਇਤਕਰਤਾ ਵਿਰੁੱਧ ਧਾਰਾ 182 ਤਹਿਤ ਐਫ.ਆਈ.ਆਰ. ਦਰਜ ਕਰਕੇ ਧਾਰਾ 195 ਸੀ.ਆਰ.ਪੀ.ਸੀ. ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ‘ਆਪ’ ਆਗੂ ਯਸ਼ਪਾਲ ਆਜ਼ਾਦ ਨੇ ਵਿਜੀਲੈਂਸ ਸੈੱਲ ਦੀ ਚਿੱਠੀ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦੇ ਹੋਏ ਲਿਖਿਆ ਹੈ ਕਿ ਉਹ ਮੁਲਜ਼ਮ ਚੇਅਰਮੈਨ ਤੋਂ ਪੁੱਛਗਿੱਛ ਕਰਨ ਦੀ ਬਜਾਏ ਉਸ ਦਾ ਹਲਫ਼ਨਾਮਾ ਮੰਗ ਰਹੇ ਹਨ। ਇਸ ਨੂੰ ਕਾਨੂੰਨੀ ਖ਼ਤਰਾ ਸਮਝਿਆ ਜਾਵੇ ਜਾਂ ਚੇਅਰਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਆਪ’ ਆਗੂ ਨੇ ਕਿਹਾ ਕਿ ਵਿਜੀਲੈਂਸ ਸੈੱਲ ਦੇ ਪੱਤਰ ਦਾ ਜਵਾਬ ਸਬੰਧਤ ਵਿਭਾਗ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਗਿਆ ਹੈ।

Leave a Reply