ਲੁਧਿਆਣਾ : ਲੁਧਿਆਣਾ ਦੇ ਲੋਕਾਂ ਨੂੰ ਐਤਵਾਰ ਯਾਨੀ ਅੱਜ 11 ਫਰਵਰੀ ਨੂੰ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਵਿੱਚ ਕਰੀਬ 7 ਸਾਲਾਂ ਤੋਂ ਲਟਕ ਰਹੇ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਕੰਮ ਆਖ਼ਰਕਾਰ ਪੂਰਾ ਹੋ ਗਿਆ ਹੈ। ਐਲੀਵੇਟਿਡ ਰੋਡ ਲੁਧਿਆਣਾ ਪ੍ਰਾਜੈਕਟ ਦੇ ਆਖਰੀ ਸਟਾਪ ਵਜੋਂ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਤੱਕ ਦਾ ਰਸਤਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਜੋ ਲੋਕ ਬੱਸ ਸਟੈਂਡ ਤੋਂ ਫ਼ਿਰੋਜ਼ਪੁਰ ਰੋਡ ਵੱਲ ਜਾਣਾ ਚਾਹੁੰਦੇ ਹਨ, ਉਹ ਇਸ ਫਲਾਈਓਵਰ ਦੀ ਵਰਤੋਂ ਕਰ ਸਕਦੇ ਹਨ।
ਇਸੇ ਤਰ੍ਹਾਂ ਜੋ ਲੋਕ ਫ਼ਿਰੋਜ਼ਪੁਰ ਰੋਡ ਤੋਂ ਬੱਸ ਸਟੈਂਡ ਤੱਕ ਜਾਣਾ ਚਾਹੁੰਦੇ ਹਨ, ਉਹ ਬਿਨਾਂ ਕਿਸੇ ਰੁਕਾਵਟ ਦੇ ਇਸ ਫਲਾਈਓਵਰ ਤੋਂ ਸਿੱਧਾ ਜਾ ਸਕਦੇ ਹਨ, ਜਿਸ ਨਾਲ ਕਰੀਬ 7 ਕਿਲੋਮੀਟਰ ਦਾ ਸਫ਼ਰ ਕੁਝ ਮਿੰਟਾਂ ਵਿੱਚ ਪੂਰਾ ਹੋ ਜਾਵੇਗਾ। ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਭਾਰਤ ਨਗਰ ਚੌਕ ਅਤੇ ਫਿਰੋਜ਼ਪੁਰ ਰੋਡ ‘ਤੇ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਜਾਵੇਗੀ, ਜਿਸ ਨਾਲ ਲੁਧਿਆਣਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਫਿਰੋਜ਼ਪੁਰ ਰੋਡ ਤੋਂ ਬੱਸ ਸਟੈਂਡ ਆਉਣ ਜਾਣ ਲਈ ਭਾਰਤ ਨਗਰ ਚੌਕ ਫਲਾਈਓਵਰ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ।