ਭਵਾਨੀਗੜ੍ਹ : ਪਿਛਲੇ ਤਿੰਨ-ਚਾਰ ਦਿਨਾਂ ਤੋਂ ਭੇਤਭਰੇ ਹਾਲਾਤਾਂ ‘ਚ ਲਾਪਤਾ ਪੀ.ਆਰ.ਟੀ.ਸੀ. ਪਿੰਡ ਬਾਲਦ ਕਲਾਂ ਦੇ ਇੱਕ ਨੌਜਵਾਨ ਜੋ ਕਿ ਕੰਡਕਟਰ ਦਾ ਕੰਮ ਕਰਦਾ ਸੀ, ਦੀ ਅੱਜ ਇੱਕ ਨਹਿਰ ਵਿੱਚੋਂ ਲਾਸ਼ ਮਿਲੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਜੀਤ ਸਿੰਘ ਦੇ ਭਰਾ ਗੁਰਚਰਨ ਸਿੰਘ ਪੁੱਤਰ ਹਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤਿੰਨ-ਚਾਰ ਦਿਨ ਪਹਿਲਾਂ ਘਰੋਂ ਤਿਆਰ ਹੋ ਕੇ ਆਪਣੀ ਡਿਊਟੀ ਲਈ ਗਿਆ ਸੀ। ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਹ ਡਿਊਟੀ ‘ਤੇ ਨਹੀਂ ਗਿਆ ਸੀ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਅਤੇ ਉਸ ਦੇ ਲਾਪਤਾ ਹੋਣ ਦੀ ਪੋਸਟ ਦੇ ਨਾਲ-ਨਾਲ ਉਸ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।

ਗੁਰਚਰਨ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੀ ਭਾਲ ਦੌਰਾਨ ਅੱਜ ਉਸ ਦੀ ਲਾਸ਼ ਸੂਲਰ ਘਰਾਟ ਨੇੜੇ ਨੀਲੋਵਾਲ ਨਹਿਰ ਵਿੱਚੋਂ ਮਿਲੀ, ਜਦੋਂ ਕਿ ਕੁਝ ਦਿਨ ਪਹਿਲਾਂ ਲਾਪਤਾ ਹੋਣ ਤੋਂ ਬਾਅਦ ਉਸ ਦੇ ਕੰਡਕਟਰ ਦਾ ਬੈਗ ਬਾਲਦ ਕੈਂਚੀਆਂ ਨੇੜਿਓਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ‘ਚ ਕੰਡਕਟਰ ਵਜੋਂ ਕੰਮ ਕਰਦੇ ਪਰਮਜੀਤ ਸਿੰਘ ਦੀ ਲਾਸ਼ ਨਹਿਰ ‘ਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਥਾਣਾ ਮੁਖੀ ਨੇ ਦੱਸਿਆ ਕਿ ਪਰਮਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਉਸ ਦੇ ਪਰਿਵਾਰ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਹੁਣ ਤੱਕ ਕੀਤੀ ਪੜਤਾਲ ਅਨੁਸਾਰ ਪਰਮਜੀਤ ਸਿੰਘ ਲਾਪਤਾ ਹੋਣ ਦੇ ਦਿਨਾਂ ਦੌਰਾਨ ਪਿੰਡ ਭਲਵਾਨ ਵਿਖੇ ਆਪਣੀ ਮਾਸੀ ਕੋਲ ਗਿਆ ਸੀ ਅਤੇ ਉਥੋਂ ਵਾਪਸ ਪਰਤਿਆ। ਉੱਥੇ, ਬਾਅਦ ਵਿੱਚ ਉਸਨੇ ਬਾਲਦ ਕੈਂਚੀਆਂ ਦੇ ਇੱਕ ਸੈਲੂਨ ਵਿੱਚ ਆਪਣੀ ਕਟਿੰਗ ਵੀ ਕਰਵਾਈ। ਜਿਸ ਤੋਂ ਬਾਅਦ ਉਸ ਦੇ ਕੰਡਕਟਰ ਦਾ ਪੈਸਿਆਂ ਵਾਲਾ ਬੈਗ ਵੀ ਕੈਂਚੀਆਂ ਕੋਲ ਪਿਆ ਮਿਲਿਆ ਅਤੇ ਅੱਜ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਸੱਚਾਈ ਜਾਣਨ ਲਈ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Leave a Reply