ਨਵੀਂ ਦਿੱਲੀ: ਰਾਹੁਲ ਗਾਂਧੀ (Rahul Gandhi) ਨੇ ਬੀਤੇ ਦਿਨ ਇਕ ਵਾਰ ਫਿਰ ਵਾਇਨਾਡ ਤੋਂ ਚੋਣ ਨਾਮਜ਼ਦਗੀ ਦਾਖਲ ਕੀਤੀ ਹੈ। ਰਾਹੁਲ ਗਾਂਧੀ ਨੇ ਆਪਣੇ ਚੋਣ ਹਲਫਨਾਮੇ ‘ਚ ਵੱਡਾ ਖੁਲਾਸਾ ਕੀਤਾ ਹੈ। ਚੋਣ ਹਲਫ਼ਨਾਮੇ ਅਨੁਸਾਰ ਰਾਹੁਲ ਗਾਂਧੀ ਦੀ ਚੱਲ ਜਾਇਦਾਦ ਦੀ ਕੀਮਤ 9,24,59,264 ਰੁਪਏ ਹੈ, ਜਦੋਂ ਕਿ ਉਨ੍ਹਾਂ ਦੀ ਅਚੱਲ ਜਾਇਦਾਦ ਲਗਭਗ 11,14,02,598 ਰੁਪਏ ਹੈ। ਇਸ ਹਿਸਾਬ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ 20,38,61,862 ਰੁਪਏ ਹੈ। ਹਾਲਾਂਕਿ ਰਾਹੁਲ ਗਾਂਧੀ ‘ਤੇ ਕਰੀਬ 49.79 ਲੱਖ ਰੁਪਏ ਦਾ ਕਰਜ਼ਾ ਹੈ।

ਰਾਹੁਲ ਗਾਂਧੀ ਨੇ ਆਪਣੀ ਆਮਦਨ ਦੇ ਨਾਲ-ਨਾਲ ਸ਼ੇਅਰਾਂ ਅਤੇ ਮਿਉਚੁਅਲ ਫੰਡਾਂ ਵਿੱਚ ਆਪਣੇ ਨਿਵੇਸ਼ ਦਾ ਖੁਲਾਸਾ ਕੀਤਾ। ਚੋਣ ਹਲਫ਼ਨਾਮੇ ਮੁਤਾਬਕ ਰਾਹੁਲ ਗਾਂਧੀ ਦੇ ਪੋਰਟਫੋਲੀਓ ਵਿੱਚ 25 ਕੰਪਨੀਆਂ ਦੇ ਸ਼ੇਅਰ ਹਨ। ਸਾਵਰੇਨ ਗੋਲਡ ਬਾਂਡ ਵਿੱਚ ਵੀ ਨਿਵੇਸ਼ ਕੀਤਾ। ਇਹ ਸਕੀਮ ਮੋਦੀ ਸਰਕਾਰ ਵਿੱਚ ਸ਼ੁਰੂ ਹੋਈ ਸੀ।

ਕਦੋਂ ਸ਼ੁਰੂ ਹੋਈ ਸੀ ਸਾਵਰੇਨ ਗੋਲਡ ਬਾਂਡ ਸਕੀਮ 
ਪੀਐਮ ਮੋਦੀ ਦੀ ਸਰਕਾਰ ਵਿੱਚ ਪਹਿਲੀ ਵਾਰ, ਨਵੰਬਰ 2015 ਵਿੱਚ ਆਰਬੀਆਈ ਨੇ ਬਾਜ਼ਾਰ ਤੋਂ ਸਸਤਾ ਸੋਨਾ ਖਰੀਦਣ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ। ਸਾਵਰੇਨ ਗੋਲਡ ਬਾਂਡ ਸਕੀਮ 8 ਸਾਲਾਂ ਲਈ ਸੋਨੇ ਵਿੱਚ ਨਿਵੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਸਕੀਮ ਤਹਿਤ 2.50% ਪ੍ਰਤੀ ਸਾਲ ਦੀ ਰਿਟਰਨ ਨਿਸ਼ਚਿਤ ਹੈ। ਇਸ ਤੋਂ ਬਾਅਦ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇ ਹਿਸਾਬ ਨਾਲ ਰਿਟਰਨ ਮਿਲਦਾ ਹੈ। ਮਤਲਬ, ਸੋਨਾ ਜਿੰਨਾ ਮਹਿੰਗਾ ਹੋਵੇਗਾ, ਤੁਹਾਨੂੰ ਓਨਾ ਹੀ ਜ਼ਿਆਦਾ ਰਿਟਰਨ ਮਿਲੇਗਾ।

30 ਨਵੰਬਰ 2023 ਨੂੰ ਇਸ ਸਕੀਮ ਦੀ ਪਹਿਲੀ ਕਿਸ਼ਤ ਪੂਰੀ ਹੋਈ ਸੀ। ਇਸ ‘ਤੇ ਅੱਠ ਸਾਲਾਂ ਦੌਰਾਨ 12.9 ਫੀਸਦੀ ਵਿਆਜ ਦਿੱਤਾ ਗਿਆ ਸੀ। ਰਾਹੁਲ ਗਾਂਧੀ ਦਾ ਸਾਵਰੇਨ ਗੋਲਡ ਬਾਂਡ (SGB) ਵਿੱਚ 15.27 ਲੱਖ ਰੁਪਏ ਦਾ ਨਿਵੇਸ਼ ਹੈ। ਗਾਂਧੀ ਦੇ ਪੀਪੀਐਫ ਖਾਤੇ ਵਿੱਚ 61.52 ਲੱਖ ਰੁਪਏ ਅਤੇ 4.20 ਲੱਖ ਰੁਪਏ ਦਾ 333.30 ਗ੍ਰਾਮ ਸੋਨਾ ਵੀ ਹੈ।

ਰਾਹੁਲ ਨੇ ਇਨ੍ਹਾਂ ਸ਼ੇਅਰਾਂ ‘ਚ ਲਗਾਇਆ ਹੈ ਪੈਸਾ 
ਕਾਂਗਰਸ ਨੇਤਾ ਦੇ ਸਟਾਕ ਪੋਰਟਫੋਲੀਓ ਵਿੱਚ ITC, ICICI ਬੈਂਕ, ਅਲਕਾਇਲ ਐਮਾਈਨਜ਼, ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ, ਦੀਪਕ ਨਾਈਟ੍ਰਾਈਟ, ਡਿਵੀਜ਼ ਲੈਬਾਰਟਰੀਜ਼, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ), ਬ੍ਰਿਟੈਨਿਆ ਇੰਡਸਟਰੀਜ਼ ਅਤੇ ਟਾਈਟਨ ਕੰਪਨੀ ਸ਼ਾਮਲ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਆਪਣੀ ਪਹਿਲੀ ਚੋਣ 2004 ਵਿੱਚ ਲੜੀ ਸੀ, ਜਦੋਂ ਉਨ੍ਹਾਂ ਦੀ ਕੁੱਲ ਜਾਇਦਾਦ 55 ਲੱਖ ਰੁਪਏ ਸੀ।

Leave a Reply