ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਸ਼ਨੀਵਾਰ ਨੂੰ ਯਾਨੀ ਅੱਜ ਦੇਸ਼ ਦੀਆਂ 5 ਸ਼ਖਸੀਅਤਾਂ ਨੂੰ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਪੀ.ਵੀ. ਨਰਸਿਮਹਾ ਰਾਓ, ਖੇਤੀਬਾੜੀ ਵਿਗਿਆਨੀ ਡਾ. ਐਮ.ਐਸ. ਸਵਾਮੀਨਾਥਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਸ਼ਾਮਲ ਹਨ।

ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਸੀ ਪਰ ਅੱਜ ਉਹ ਰਾਸ਼ਟਰਪਤੀ ਭਵਨ ਵਿੱਚ ਨਹੀਂ ਆਏ ਪਰ 31 ਮਾਰਚ ਨੂੰ ਰਾਸ਼ਟਰਪਤੀ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕਰਨਗੇ। ਅਡਵਾਨੀ ਨੂੰ ਛੱਡ ਕੇ ਬਾਕੀ 4 ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਤੋਂ ਸਨਮਾਨ ਲਿਆ।

ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦਾ ਭਾਰਤ ਰਤਨ ਪੁਰਸਕਾਰ ਉਨ੍ਹਾਂ ਦੇ ਪੁੱਤਰ ਪੀ.ਵੀ ਪ੍ਰਭਾਕਰ ਰਾਓ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਐਮ.ਐਸ.ਸਵਾਮੀਨਾਥਨ ਦਾ ਭਾਰਤ ਰਤਨ ਪੁਰਸਕਾਰ ਉਨ੍ਹਾਂ ਦੀ ਬੇਟੀ ਡਾ: ਨਿਤਿਆ ਰਾਓ ਨੇ ਪ੍ਰਾਪਤ ਕੀਤਾ ਹੈ। ਕਰਪੂਰੀ ਠਾਕੁਰ ਦਾ ਭਾਰਤ ਰਤਨ ਪੁਰਸਕਾਰ ਉਨ੍ਹਾਂ ਦੇ ਪੁੱਤਰ ਰਾਮਨਾਥ ਠਾਕੁਰ ਨੂੰ ਮਿਲਿਆ ਹੈ। ਜਦੋਂਕਿ ਚੌਧਰੀ ਚਰਨ ਸਿੰਘ ਦਾ ਭਾਰਤ ਰਤਨ ਐਵਾਰਡ ਉਨ੍ਹਾਂ ਦੇ ਪੋਤਰੇ ਜਯੰਤ ਚੌਧਰੀ ਦੇ ਹੱਥਾਂ ਵਿੱਚ ਦਿੱਤਾ ਗਿਆ ਹੈ।

ਕੇਂਦਰ ਨੇ ਇਸ ਸਾਲ 5 ਸ਼ਖਸੀਅਤਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। 2014 ‘ਚ ਸੱਤਾ ਸੰਭਾਲਣ ਤੋਂ ਬਾਅਦ ਮੋਦੀ ਦੇ ਕਾਰਜਕਾਲ ਦੌਰਾਨ ਮਦਨ ਮੋਹਨ ਮਾਲਵੀਆ, ਅਟਲ ਬਿਹਾਰੀ ਵਾਜਪਾਈ, ਪ੍ਰਣਬ ਮੁਖਰਜੀ, ਭੂਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਨੂੰ ਇਹ ਸਨਮਾਨ ਮਿਲਿਆ ਹੈ। 2024 ਦੀਆਂ 5 ਮਸ਼ਹੂਰ ਹਸਤੀਆਂ ਸਮੇਤ ਹੁਣ ਤੱਕ ਇਹ ਸਨਮਾਨ ਹਾਸਲ ਕਰਨ ਵਾਲੇ ਲੋਕਾਂ ਦੀ ਗਿਣਤੀ 53 ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਨੇ ਕਰਪੂਰੀ ਠਾਕੁਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ਤੋਂ ਇਕ ਦਿਨ ਪਹਿਲਾਂ 23 ਜਨਵਰੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ। ਕਰਪੂਰੀ ਠਾਕੁਰ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਉਪ ਮੁੱਖ ਮੰਤਰੀ ਰਹੇ। ਉਹ ਪਛੜੀਆਂ ਸ਼੍ਰੇਣੀਆਂ ਦੇ ਹਿੱਤਾਂ ਦੀ ਵਕਾਲਤ ਕਰਨ ਲਈ ਜਾਣੇ ਜਾਂਦੇ ਹਨ।

ਇਸੇ ਤਰ੍ਹਾਂ, 9 ਫਰਵਰੀ ਨੂੰ ਪੀਐਮ ਮੋਦੀ ਨੇ ਡਾਕਟਰ ਐਮਐ.ਸ ਸਵਾਮੀਨਾਥਨ, ਪੀ.ਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ। ਸਵਾਮੀਨਾਥਨ ਇੱਕ ਖੇਤੀ ਵਿਗਿਆਨੀ ਸਨ। ਉਨ੍ਹਾਂ ਨੂੰ ਭਾਰਤ ਵਿੱਚ ‘ਹਰੇ ਇਨਕਲਾਬ’ ਦਾ ਪਿਤਾਮਾ ਕਿਹਾ ਜਾਂਦਾ ਹੈ।

ਨਰਸਿਮਹਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਸਨ। ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹ ਉੱਤਰ ਪ੍ਰਦੇਸ਼ ਦੇ 5ਵੇਂ ਮੁੱਖ ਮੰਤਰੀ ਵੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਦੇ ਹੱਕਾਂ ਅਤੇ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ।

Leave a Reply