ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ (Former cricketer Harbhajan Singh) ਨੇ ਕਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ (Ram mandir) ਦਾ ਆਗਾਮੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਇੱਕ ਮਹੱਤਵਪੂਰਨ ਮੌਕਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਦੌਰਾਨ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਅਸ਼ੀਰਵਾਦ ਲੈਣ।
ਸ਼ੁੱਕਰਵਾਰ ਨੂੰ ਇਕ ਇੰਟਰਵਿਊ ‘ਚ ਭੱਜੀ ਨੇ ਕਿਹਾ, ‘ਦੇਸ਼ ਦੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਪ੍ਰਾਣ ਪ੍ਰਤਿਸ਼ਠਾ ਨੇੜੇ ਆ ਰਹੀ ਹੈ ਅਤੇ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਅਤੇ ਆਸ਼ੀਰਵਾਦ ਲੈਣ ਲਈ ਉਤਸ਼ਾਹਿਤ ਕਰਦਾ ਹਾਂ। ਇਹ ਇੱਕ ਇਤਿਹਾਸਕ ਦਿਨ ਹੈ। ਭਗਵਾਨ ਰਾਮ ਸਾਰਿਆਂ ਦਾ ਦੇਵਤਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਦੇ ਜਨਮ ਸਥਾਨ ‘ਤੇ ਇਕ ਮੰਦਰ ਬਣਾਇਆ ਜਾ ਰਿਹਾ ਹੈ। ਸਾਰਿਆਂ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ।
ਮੰਦਰ ਜਾਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕਰਦੇ ਹੋਏ ਹਰਭਜਨ ਨੇ ਕਿਹਾ, ‘ਮੈਂ ਧਰਮ ਅਤੇ ਭਗਵਾਨ ਦਾ ਸ਼ਰਧਾਲੂ ਹਾਂ। ਮੈਂ ਅਸ਼ੀਰਵਾਦ ਲੈਣ ਲਈ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਵਿੱਚ ਜਾਂਦਾ ਹਾਂ। ਜਦੋਂ ਵੀ ਮੈਨੂੰ ਮੌਕਾ ਮਿਲੇਗਾ, ਮੈਂ ਮੰਦਰ ਜ਼ਰੂਰ ਜਾਵਾਂਗਾ। ਇਹ ਚੰਗੀ ਕਿਸਮਤ ਦੀ ਗੱਲ ਹੈ ਕਿ ਸਾਡੇ ਜੀਵਨ ਕਾਲ ਵਿੱਚ ਹੀ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਮੰਦਰ ਬਣ ਰਿਹਾ ਹੈ।