ਇਸਲਾਮਾਬਾਦ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Pakistan Sikh Gurdwara Management Committee) ਦੇ ਨਵੇਂ ਚੁਣੇ ਮੈਂਬਰਾਂ ਦੀ ਮੀਟਿੰਗ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਅਰਸ਼ਦ ਫਰੀਦ ਖਾਨ (Arshad Farid Khan) ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਵਿਚ ਮੈਂਬਰਾਂ ਨੇ ਰਮੇਸ਼ ਸਿੰਘ ਅਰੋੜਾ (Ramesh Singh Arora) ਪੁੱਤਰ ਰਾਮ ਲਾਲ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣ ਲਿਆ ਹੈ।
ਪਹਿਲੀ ਵਾਰ ਲੇਡੀ ਮੈਂਬਰ ਸਤਵੰਤ ਕੌਰ ਪਤਨੀ ਰਣਜੀਤ ਸਿੰਘ ਰਾਜਸਥਾਨੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।ਇਸ ਮੌਕੇ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਿੱਖ ਕੌਮ ਦੀ ਬੇਹਤਰੀ ਲਈ ਉਪਰਾਲੇ ਕਰਨਗੇ।ਇਸ ਮੌਕੇ ਸਤਵੰਤ ਕੌਰ ਨੇ ਕਿਹਾ ਕਿ ਉਹ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਰੱਖ ਰਖਾਅ ਅਤੇ ਘੱਟ ਗਿਣਤੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਯਤਨ ਕਰਨਗੇ।