ਦੀਨਾਨਗਰ: ਕਾਠਗੜ੍ਹ ਮੰਦਿਰ ਵਿਖੇ ਮੱਥਾ ਟੇਕ ਕੇ ਵਾਪਸ ਗੁਰਦਾਸਪੁਰ ਜਾ ਰਹੇ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਠਗੜ੍ਹ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਗੁਰਦਾਸਪੁਰ ਆ ਰਹੇ ਸਨ। ਜਦੋਂ ਉਹ ਦੀਨਾਨਗਰ ਨੇੜੇ ਪਿੰਡ ਜੰਡੀ ਚੌਂਤਾ ਰੋਡ ਦੇ ਸਾਹਮਣੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜੋਗਿੰਦਰ ਪਾਲ ਪੁੱਤਰ ਬੁੱਢਾ ਰਾਮ ਵਾਸੀ ਕੀੜੀ ਅਫ਼ਗਾਨਾ ਥਾਣਾ ਕਾਹਨੂੰਵਾਨ ਹਾਲ ਵਾਸੀ ਤ੍ਰਿਮੋ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਗੌਰਵ ਕੁਮਾਰ ਉਮਰ 25 ਸਾਲ ਆਪਣੇ ਦੋਸਤ ਗੌਤਮ ਸ਼ਰਮਾ ਵਾਸੀ ਤ੍ਰਿਮੋ ਰੋਡ ਗੁਰਦਾਸਪੁਰ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਾਠਗੜ੍ਹ ਮੰਦਰ ਮੱਥਾ ਟੇਕ ਕੇ ਆਪਣੇ ਘਰ ਨੂੰ ਆ ਰਿਹਾ ਸੀ। ਜਦੋਂ ਉਹ ਜੰਡੀ ਚੌਂਤਾ ਰੋਡ ਨੇੜੇ ਇੰਡੀਅਨ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਤੇਜ਼ ਰਫਤਾਰ ਨਾਲ ਗਲਤ ਸਾਈਡ ਤੋਂ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਗੋਰਵ ਕੁਮਾਰ ਨੂੰ ਸਿਰ ਵਿੱਚ ਸੱਟ ਲੱਗਣ ਕਾਰਨ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਜੋਗਿੰਦਰ ਪਾਲ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply