ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਬਾਅਦ ਹਾਂਗਜ਼ੂ ਏਸ਼ਿਆਈ ਖੇਡਾਂ (Asian Games) ਵਿੱਚ ਭਾਰਤੀ ਦਲ ਵਿੱਚ ਸ਼ਾਮਲ ਪੰਜਾਬੀ ਖਿਡਾਰੀਆਂ ਵੱਲੋਂ ਪੰਜ ਸੋਨ ਤਗਮੇ ਜਿੱਤਣ ਲਈ ਵਧਾਈ ਦਿੱਤੀ।
ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਿਡਾਰੀ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਖੇਡਾਂ ਵਿੱਚ ਤੇਜਿੰਦਰ ਪਾਲ ਸਿੰਘ ਤੂਰ ਅਤੇ ਜ਼ੋਰਾਵਰ ਸਿੰਘ ਸੰਧੂ ਨੇ ਸੋਨੇ ਦੇ ਤਗਮੇ ਜਿੱਤੇ, ਜਦੋਂ ਕਿ ਹਰਮਿਲਨ ਬੈਂਸ ਅਤੇ ਰਾਜੇਸ਼ਵਰੀ ਕੁਮਾਰੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ 13 ਖਿਡਾਰੀਆਂ ਨੇ ਪੰਜ ਸੋਨੇ, ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਖਿਡਾਰੀਆਂ ਨੇ ਪੰਜ ਸੋਨ ਤਗਮੇ ਜਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਤ ਨਹੀਂ ਹੈ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਦੇ ਕਈ ਹੋਰ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਦੇਸ਼ ਦਾ ਨਾਮ ਹੋਰ ਰੌਸ਼ਨ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਖਿਡਾਰੀ ਏਸ਼ਿਆਈ ਖੇਡਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਹੋਰ ਸਹੂਲਤਾਂ ਨਾਲ ਉਤਸ਼ਾਹਿਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
The post ਮੁੱਖ ਮੰਤਰੀ ਨੇ 1962 ਜਕਾਰਤਾ ਏਸ਼ਿਆਈ ਖੇਡਾਂ ਤੋਂ ਬਾਅਦ ਪੰਜ ਸੋਨ ਤਗਮੇ ਜਿੱਤਣ ਲਈ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਵਧਾਈ appeared first on Time Tv.