ਮੁਲਜ਼ਮ ਅਮਨ ਸਕੋਡਾ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ
By admin / March 21, 2024 / No Comments / Punjabi News
ਪੰਜਾਬ : ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ (Amandeep Kamboj alias Aman Skoda) ਨੂੰ ਹੁਣ ਫ਼ਿਰੋਜ਼ਪੁਰ ਪੁਲਿਸ (The Ferozepur Police) ਆਪਣੇ ਨਾਲ ਲੈ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਫਾਜ਼ਿਲਕਾ ਪੁਲਿਸ ਨੇ ਰਿਮਾਂਡ ’ਤੇ ਲਿਆ ਸੀ। ਅਮਨ ਸਕੋਡਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 39 ਕੇਸ ਦਰਜ ਹਨ। ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਅਦਾਲਤ ‘ਚ ਪੇਸ਼ੀ ਦੌਰਾਨ ਫ਼ਿਰੋਜ਼ਪੁਰ ਪੁਲਿਸ ਨੇ ਅਮਨ ਸਕੋਡਾ ਨੂੰ 11 ਦਰਜ ਮਾਮਲਿਆਂ ‘ਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ । ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਫਾਜ਼ਿਲਕਾ ਪੁਲਿਸ ਕੋਲ ਸੀ ਜਿੱਥੇ ਉਸ ਤੋਂ 5 ਦਿਨ ਤੱਕ ਪੁੱਛਗਿੱਛ ਕੀਤੀ ਗਈ ਸੀ । ਫਾਜ਼ਿਲਕਾ ਪੁਲਿਸ ਨੇ ਅਮਨ ਸਕੋਡਾ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਮਨ ਸਕੋਡਾ ਕੋਲੋਂ ਦੋ ਵੱਖ-ਵੱਖ ਆਧਾਰ ਕਾਰਡ ਮਿਲੇ ਹਨ ਜਿਨ੍ਹਾਂ ਰਾਹੀਂ ਉਹ ਆਪਣੀ ਪਛਾਣ ਛੁਪਾਉਂਦਾ ਸੀ। ਇਸ ਸਬੰਧੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੰਦਿਆਂ ਐਸ.ਪੀ ਕਰਨਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਨਾਮਜ਼ਦ ਅਮਨਦੀਪ ਨੂੰ ਫੜਨ ਲਈ ਫਰਵਰੀ ਮਹੀਨੇ ਤੋਂ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ‘ਚ ਜਾਂਚ ਮੁਹਿੰਮ ਚਲਾਈ ਗਈ ਸੀ, ਜਿਸ ‘ਚ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਚਕੂਲਾ ਅਤੇ ਦਿੱਲੀ ਸ਼ਾਮਲ ਹਨ।
ਇਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਮਨਦੀਪ ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਇੱਕ ਮਕਾਨ ਲੈ ਕੇ ਰਾਹੁਲ ਕੁਮਾਰ ਦੇ ਨਾਂ ਨਾਲ ਰਹਿ ਰਿਹਾ ਸੀ। ਫਾਜ਼ਿਲਕਾ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮਿਲ ਕੇ ਉਸ ਨੂੰ ਗ੍ਰਿਫ਼ਤਾਰ ਕਰਕੇ 16 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕੋਲੋਂ 5 ਮੋਬਾਈਲ ਫ਼ੋਨ, 2 ਆਧਾਰ ਕਾਰਡ, 3 ਬੈਂਕਾਂ ਦੇ ATM, ਇੱਕ ਡਰਾਈਵਿੰਗ ਲਾਇਸੰਸ, ਇੱਕ ਲੈਪਟਾਪ, ਇੱਕ ਪੈਨ ਡਰਾਈਵ, 5 ਡਾਇਰੀਆਂ, 2 ਪਾਵਰ ਬੈਂਕ ਬਰਾਮਦ ਹੋਏ।
ਉਸ ਕੋਲੋਂ 5 ਸਿਮ ਕਾਰਡ (ਵੱਖ-ਵੱਖ ਲੋਕਾਂ ਦੇ ਨਾਵਾਂ ‘ਤੇ), 34 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਫ਼ਾਜ਼ਿਲਕਾ ਵਿੱਚ ਕੁੱਲ 21 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਬਾਕੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਸੀ ਪਰ ਬਾਕੀ ਮਾਮਲੇ ਹਾਲੇ ਵਿਚਾਰ ਅਧੀਨ ਹਨ। ਅਦਾਲਤ ਵਿੱਚ ਪੇਸ਼ੀ ਦੌਰਾਨ ਫ਼ਿਰੋਜ਼ਪੁਰ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਆਪਣੇ ਨਾਲ ਲੈ ਗਈ ਹੈ।