ਮੁਜ਼ੱਫਰਪੁਰ ‘ਚ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ
By admin / October 2, 2024 / No Comments / Punjabi News
ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਹਵਾਈ ਸੈਨਾ ਦਾ ਹੈਲੀਕਾਪਟਰ (An Air Force Helicopter) ਡਿੱਗ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਦੇ ਮੁਜ਼ੱਫਰਪੁਰ ‘ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹੜ੍ਹ ਦੇ ਪਾਣੀ ‘ਚ ਡਿੱਗ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਭਗਦੜ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੁਜ਼ੱਫਰਪੁਰ ਦੇ ਔਰਈ ਦੇ ਨਯਾ ਪਿੰਡ ਵਾਰਡ ਨੰਬਰ 13 ‘ਚ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹੈਲੀਕਾਪਟਰ ਸੀਤਾਮੜੀ ਤੋਂ ਰਾਹਤ ਸਮੱਗਰੀ ਲੈ ਕੇ ਮੁਜ਼ੱਫਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਣ ਜਾ ਰਿਹਾ ਸੀ। ਇਸ ਦੌਰਾਨ ਇਹ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹੜ੍ਹ ਦੇ ਪਾਣੀ ‘ਚ ਡਿੱਗ ਗਿਆ। ਘਟਨਾ ਤੋਂ ਬਾਅਦ ਐਸ.ਡੀ.ਆਰ.ਐਫ. ਦੀ ਟੀਮ ਅਤੇ ਸਥਾਨਕ ਪਿੰਡ ਵਾਸੀਆਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਅਤੇ ਹੈਲੀਕਾਪਟਰ ਵਿੱਚ ਬੈਠੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਕਿਸ਼ਤੀ ਰਾਹੀਂ ਪਾਣੀ ਵਿੱਚ ਡਿੱਗੇ ਹੈਲੀਕਾਪਟਰ ਤੋਂ ਰਾਹਤ ਸਮੱਗਰੀ ਲੁੱਟਣੀ ਸ਼ੁਰੂ ਕਰ ਦਿੱਤੀ।
ਪਾਇਲਟ ਅਤੇ ਸਿਪਾਹੀ ਸੁਰੱਖਿਅਤ
ਇਸ ਘਟਨਾ ਤੋਂ ਬਾਅਦ ਆਫ਼ਤ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਤਿਆ ਅੰਮ੍ਰਿਤ ਨੇ ਕਿਹਾ ਕਿ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਦੱਸਿਆ ਕਿ ਇੰਜਣ ਫੇਲ ਹੋਣ ਤੋਂ ਬਾਅਦ ਪਾਇਲਟ ਨੇ ਵਾਟਰ ਲੈਂਡਿੰਗ ਕਰਵਾਈ। ਹਵਾਈ ਸੈਨਾ ਦੇ ਸਾਰੇ ਸਿਪਾਹੀ ਅਤੇ ਪਾਇਲਟ ਸੁਰੱਖਿਅਤ ਹਨ। ਜਹਾਜ਼ ਪਾਣੀ ‘ਚ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ। ਪਾਇਲਟ ਅਤੇ ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਐਸ.ਕੇ.ਐਮ.ਸੀ.ਐਚ. ਭੇਜਿਆ ਜਾ ਰਿਹਾ ਹੈ। ਐਸ.ਡੀ.ਆਰ.ਐਫ. ਦੀ ਟੀਮ ਨੇ ਹਾਦਸਾ ਹੁੰਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ।