ਮਿਥੁਨ ਚੱਕਰਵਰਤੀ ਦੀ ਸਿਹਤ ’ਚ ਹੋਇਆ ਸੁਧਾਰ
By admin / February 11, 2024 / No Comments / Punjabi News
ਮੁੰਬਈ: ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ (Apollo Hospital) ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸ਼ਾਮ ਨੂੰ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਨੂੰ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਹੋ ਗਿਆ ਹੈ।
ਅਦਾਕਾਰਾ ਦੇਬਾਸ਼੍ਰੀ ਰਾਏ ਨੇ ਕਿਹਾ ਕਿ ਉਹ ਸ਼ਨੀਵਾਰ ਰਾਤ ਨੂੰ ਹਸਪਤਾਲ ’ਚ ਮਿਥੁਨ ਨੂੰ ਮਿਲੀ, ਜਿਸ ਤੋਂ ਬਾਅਦ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਹੁਣ ਆਈ. ਸੀ. ਯੂ. ਤੋਂ ਬਾਹਰ ਹਨ ਤੇ ਠੀਕ ਹੋ ਰਹੇ ਹਨ।
ਮਿਥੁਨ ਚੱਕਰਵਰਤੀ ਦੀ ਸਿਹਤ ’ਚ ਸੁਧਾਰ
ਅਦਾਕਾਰਾ ਦੇਬਾਸ਼੍ਰੀ ਰਾਏ ਨੇ ਕਿਹਾ, ‘‘ਮੈਂ ਹਸਪਤਾਲ ’ਚ ਮਿਥੁਨ ਨੂੰ ਮਿਲੀ। ਉਹ ਹੁਣ ਠੀਕ ਹਨ, ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਗਿਆ ਤੇ ਹਾਂ ਉਨ੍ਹਾਂ ਦਾ ਸ਼ੂਗਰ ਲੈਵਲ ਹੇਠਾਂ ਆ ਗਿਆ ਹੈ। ਉਹ ਕਾਫ਼ੀ ਅਸਹਿਜ ਮਹਿਸੂਸ ਕਰ ਰਹੇ ਸਨ ਪਰ ਹੁਣ ਉਹ ਆਈ. ਸੀ. ਯੂ. ਤੋਂ ਬਾਹਰ ਹਨ ਤੇ ਇਕ ਕਮਰੇ ’ਚ ਆਰਾਮ ਕਰ ਰਹੇ ਹਨ।’’
ਇਸ ਤੋਂ ਇਲਾਵਾ ਨਿਰਦੇਸ਼ਕ ਪਥਿਕ੍ਰਿਤ ਬਾਸੂ ਨੇ ਵੀ ਹਸਪਤਾਲ ’ਚ ਅਦਾਕਾਰ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਕਿਹਾ, ‘‘ਤੁਹਾਨੂੰ ਦੱਸ ਦਈਏ ਕਿ ਮੈਂ ਹਸਪਤਾਲ ਤੋਂ ਆਇਆ ਹਾਂ। ਮੈਂ ਉਨ੍ਹਾਂ ਨੂੰ ਮਿਲਿਆ ਤੇ ਉਹ ਬਿਹਤਰ ਹਨ। ਮਿਥੁਨ ਨੇ ਇਹ ਵੀ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਸ਼ੂਟਿੰਗ ਮੁੜ ਸ਼ੁਰੂ ਕਰਨਗੇ। ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਕਿ ਜਦੋਂ ਉਹ ਸੈੱਟ ’ਤੇ ਵਾਪਸ ਆਉਣਗੇ ਤਾਂ ਉਹ ਕੀ ਕਰਨਗੇ।’’
ਹਸਪਤਾਲ ਨੇ ਦਿੱਤੀ ਇਹ ਅਪਡੇਟ
ਸ਼ਨੀਵਾਰ ਨੂੰ ਹਸਪਤਾਲ ਨੇ ਵੀ ਇਕ ਬਿਆਨ ਜਾਰੀ ਕਰਕੇ ਅਦਾਕਾਰ ਦੀ ਸਿਹਤ ਬਾਰੇ ਅਪਡੇਟ ਦਿੱਤੀ ਸੀ। ਹਸਪਤਾਲ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਮਿਥੁਨ ਚੱਕਰਵਰਤੀ (73) ਨੂੰ ਸੱਜੇ ਪਾਸੇ ਦੇ ਉੱਪਰਲੇ ਹਿੱਸੇ ’ਚ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ ’ਚ ਲਿਆਂਦਾ ਗਿਆ। ਉਨ੍ਹਾਂ ਨੂੰ ਦਿਮਾਗ ਦੇ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਦਾ ਪਤਾ ਲੱਗਾ ਹੈ।