ਫਿਲੌਰ: ਹਿਮਾਚਲ ‘ਚ ਸੈਰ-ਸਪਾਟੇ ਲਈ ਜਾ ਰਹੇ ਪੰਜਾਬੀਆਂ ‘ਤੇ ਸ਼ਰਾਰਤੀ ਅਨਸਰਾਂ ਵਲੋਂ ਹਮਲਿਆਂ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਫਿਲੌਰ ਤੋਂ ਮਨੀਕਰਨ ਸਾਹਿਬ (Manikaran Sahib) ਗਏ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਅਤੇ ਉਸ ਦੇ ਚਾਰ ਰਿਸ਼ਤੇਦਾਰਾਂ ’ਤੇ ਜਾਨਲੇਵਾ ਹਮਲਾ ਹੋਇਆ ਹੈ।

ਲੱਖੂ ਨੇ ਦੱਸਿਆ ਕਿ ਮਨੀਕਰਨ ਸਾਹਿਬ ਨੇੜੇ ਕਾਰ ਖਰਾਬ ਹੋਣ ਦੇ ਕਾਰਨ ਉਹ ਸੜਕ ‘ਤੇ ਰੁੱਕ ਗਏ ਅਤੇ ਸਵੇਰੇ 3 ਵਜੇ ਦੇ ਕਰੀਬ 12 ਪੁਰਸ਼ਾਂ ਅਤੇ ਤਿੰਨ ਔਰਤਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਜਿਵੇਂ ਹੀ ਉਹ ਬਾਹਰ ਨਿਕਲੇ ਤਾਂ ਉਨ੍ਹਾਂ ‘ਤੇ ਚਾਕੂਆਂ ਅਤੇ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਹੱਥ ਦੋ ਹਿੱਸਿਆਂ ਵਿਚ ਟੁੱਟ ਗਿਆ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਸਿਰ ਅਤੇ ਇੱਕ ਨੂੰ ਮੋਢੇ ‘ਤੇ ਮਾਰ ਕੇ ਜਖਮੀ ਕਰ ਦਿੱਤਾ।

ਲੱਖੂ ਨੇ ਦੱਸਿਆ ਕਿ ਉਸ ਨੇ ਟੋਏ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਢਾਬਾ ਮਾਲਕ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ। ਉਸ ਨੇ ਉੱਥੋਂ ਦੇ ਇੱਕ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਅਤੇ ਉੱਥੇ ਮੌਜੂਦ ਡਾਕਟਰ ਨੇ ਇਹ ਵੀ ਦੱਸਿਆ ਕਿ ਅੱਜ  ਪੰਜਾਬੀਆਂ ‘ਤੇ ਹਮਲਿਆਂ ਦੇ 4 ਕੇਸ ਉਨ੍ਹਾਂ ਕੋਲ ਆਏ ਹਨ। ਲੱਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਅਤੇ ਕੇਸ ਬੰਦ ਕਰਨ ਲਈ ਲਿਖਤੀ ਦਸਤਾਵੇਜ਼ ‘ਤੇ ਦਸਤਖ਼ਤ ਕਰਵਾ ਕੇ ਉਨ੍ਹਾਂ ਤੋਂ ਪੈਸੇ ਵੀ ਲੈ ਲਏ, ਜਿਸ ਤੋਂ ਬਾਅਦ ਉਨ੍ਹਾਂ ਨੇ  8500 ਰੁਪਏ  ਖਰਚ ਕਰਨ ਤੋਂ ਬਾਅਦ ਕਾਰ ਨੂੰ ਟੋਅ ਕਰਕੇ ਘਰ ਪਹੁੰਚਿਆ ਤਾਂ ਕਾਰ ਵਿਚ ਰੱਖੇ 20 ਹਜ਼ਾਰ ਰੁਪਏ ਵੀ ਗਾਇਬ ਸਨ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕੁਝ ਦਿਨ ਪਹਿਲਾਂ ਐੱਨ. ਆਰ. ਆਈ ਜੋੜੇ ‘ਤੇ ਹੋਏ ਹਮਲੇ ਸਬੰਧੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਵੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਪਰ ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ‘ਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Leave a Reply