ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ (Dinanagar) ਅਧੀਨ ਪੈਂਦੇ ਪਿੰਡ ਕਰਵਾਲ (Village Karval) ਦੇ ਦੋ ਨੌਜਵਾਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਹੋਏ ਇਕ ਵੱਡੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਪੁੱਤਰ ਪਰਸ਼ੋਤਮ ਲਾਲ ਅਤੇ ਲਵਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੋਵੇਂ ਵਾਸੀ ਕਰਵਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ 06 ਐਨ 5930 ‘ਤੇ ਸਵਾਰ ਹੋ ਕੇ ਗੁਰਦਾਸਪੁਰ ਸਾਈਡ ਤੋਂ ਪੰਡੋਰੀ ਰੋਡ ਨੂੰ ਜਾ ਰਹੇ ਸਨ।
ਜਦੋਂ ਮੋਟਰਸਾਈਕਲ ਸਵਾਰ ਪਿੰਡ ਲਖਨਪਾਲ ਦੇ ਮੋੜ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਹ ਮੋਟਰਸਾਈਕਲ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਇਨ੍ਹਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ। ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਸੰਦੀਪ ਕੁਮਾਰ ਆਪਣੇ ਪਿੱਛੇ ਪਤਨੀ, ਦੋ ਪੰਜ ਸਾਲਾ ਜੁੜਵਾ ਬੇਟੇ ਅਤੇ ਇੱਕ ਬੇਟੀ ਛੱਡ ਗਿਆ ਹੈ, ਜਦਕਿ ਦੂਜਾ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਅਜੇ ਬੈਚਲਰ ਸੀ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।