ਹਾਵੇਰੀ: ਜ਼ਿਲ੍ਹੇ ਦੇ ਸਾਵਨੂਰ ਤਾਲੁਕ ਦੇ ਮਾਦਾਪੁਰਾ ਪਿੰਡ ‘ਚ ਅੱਜ ਭਾਰੀ ਮੀਂਹ (Heavy Rain) ਕਾਰਨ ਇਕ ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਸਮੇਤ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 38 ਸਾਲਾ ਚੇਨੰਮਾ ਅਤੇ ਦੋ ਸਾਲਾ ਜੁੜਵਾ ਭੈਣਾਂ ਅਨੁਸ਼੍ਰੀ ਅਤੇ ਅਮੁਲਿਆ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮੁਟੱਪਾ ਹਰਕੁਨੀ (35), ਉਸ ਦੀ ਪਤਨੀ ਸੁਨੀਤਾ (30), ਮਾਂ ਯੱਲਮਾ (70), ਜੁੜਵਾ ਬੇਟੀਆਂ ਅਤੇ ਭੈਣ ਚੇਨੰਮਾ ਪਿੰਡ ਦੇ ਕੱਚੇ ਘਰ ‘ਚ ਰਹਿ ਰਹੇ ਸਨ, ਜਿੱਥੇ ਬੀਤੀ ਸ਼ਾਮ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਅੱਜ ਤੜਕੇ ਘਰ ਦੀ ਛੱਤ ਸੁੱਤੇ ਪਏ ਪਰਿਵਾਰਕ ਮੈਂਬਰਾਂ ‘ਤੇ ਡਿੱਗ ਗਈ। ਹਾਵੇਰੀ ਦੇ ਐਸ.ਪੀ ਅੰਸ਼ੂ ਕੁਮਾਰ ਨੇ ਦੱਸਿਆ ਕਿ ਮੁਟੱਪਾ, ਉਸ ਦੀ ਪਤਨੀ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਹਾਵੇਰੀ ਤੋਂ ਲੋਕ ਸਭਾ ਮੈਂਬਰ ਬਸਵਰਾਜ ਬੋਮਈ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਪਰਿਵਾਰ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਹਾਵੇਰੀ ਜ਼ਿਲ੍ਹੇ ‘ਚ ਲਗਾਤਾਰ ਮੀਂਹ ਕਾਰਨ ਸ਼ਿਗਗਾਓਂ ਵਿਧਾਨ ਸਭਾ ਹਲਕੇ ਦੇ ਸਾਵਨੂਰ ਤਾਲੁਕ ਦੇ ਮਾਦਾਪੁਰਾ ਪਿੰਡ ‘ਚ ਇਕ ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਇਸ ਘਟਨਾ ‘ਚ ਤਿੰਨ ਹੋਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਸਹੀ ਇਲਾਜ ਕਰਵਾਇਆ ਜਾਵੇ।