ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਵੀ ਫਰੀ ਰਹੇਗਾ ਲਾਡੋਵਾਲ ਟੋਲ ਪਲਾਜ਼ਾ
By admin / June 16, 2024 / No Comments / Punjabi News
ਲੁਧਿਆਣਾ: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ (Toll Plaza Ladowal) ਅੱਜ ਵੀ ਫਰੀ ਰਹੇਗਾ। ਦਰਅਸਲ ਭਾਰਤੀ ਕਿਸਾਨ ਯੂਨੀਅਨ (Bharatiya Kisan Union) ਦੀਆਂ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਦਰਾਂ ‘ਚ ਵਾਧੇ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਅਤੇ ਸਾਰੇ ਵਾਹਨਾਂ ਨੂੰ ਟੋਲ ਮੁਕਤ ਕਰ ਦਿੱਤਾ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਟੋਲ ਪਲਾਜ਼ਿਆਂ ’ਤੇ ਟੋਲ ਦੀ ਦਰ ਵਿੱਚ ਤਿੰਨ ਵਾਰ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਇੱਕ ਮਹੀਨੇ ਲਈ 150 ਰੁਪਏ ਦਾ ਪਾਸ ਦਿੱਤਾ ਜਾਂਦਾ ਸੀ ਪਰ ਹੁਣ ਪਾਸ ਦੇ ਰੇਟ ਵਧਾ ਕੇ 340 ਰੁਪਏ ਵਸੂਲੇ ਜਾ ਰਹੇ ਹਨ।
ਜੇਕਰ ਲਾਡੋਵਾਲ ਜਾਂ ਫਿਲੌਰ ਦੇ ਕਿਸੇ ਵੀ ਵਿਅਕਤੀ ਨੂੰ ਟੋਲ ਪਲਾਜ਼ਾ ਦੇ ਆਲੇ-ਦੁਆਲੇ ਜਾਣਾ ਪੈਂਦਾ ਹੈ ਤਾਂ ਉਸ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਹ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ ਤਾਂ ਆਉਣ-ਜਾਣ ਦਾ ਟੋਲ 125 ਰੁਪਏ ਸੀ ਪਰ ਹੁਣ ਕੰਪਨੀ 400 ਰੁਪਏ ਵਸੂਲ ਰਹੀ ਹੈ। ਪ੍ਰਧਾਨ ਗਿੱਲ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਟੋਲ ਪਲਾਜ਼ਾ ‘ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਹੈ, ਜਦੋਂ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਟੋਲ ਦਰਾਂ ‘ਚ ਵਾਧਾ ਵਾਪਸ ਨਹੀਂ ਲੈਂਦੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਟੋਲ ਪਲਾਜ਼ਾ ‘ਤੇ ਇਸੇ ਤਰ੍ਹਾਂ ਧਰਨਾ ਦਿੰਦੇ ਰਹਿਣਗੇ । ਅੱਜ ਦੇ ਧਰਨੇ ਵਿੱਚ ਕਈ ਕਿਸਾਨ ਜਥੇਬੰਦੀਆਂ ਅਤੇ ਕਈ ਟੈਕਸੀ ਯੂਨੀਅਨਾਂ ਨੇ ਵੀ ਹਮਾਇਤ ਦਾ ਐਲਾਨ ਕੀਤਾ ਹੈ।
ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਯੂਨੀਅਨ ਨੇ ਸਵੇਰੇ 11 ਵਜੇ ਟੋਲ ਪਲਾਜ਼ਾ ਦੇ ਸਾਰੇ ਬੂਥਾਂ ਨੂੰ ਟੋਲ ਫਰੀ ਕਰ ਦਿੱਤਾ ਅਤੇ ਟੋਲ ਪਲਾਜ਼ਾ ਤੋਂ ਆਉਣ-ਜਾਣ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਟੋਲ ਫੀਸ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟੋਲ ਰੇਟ ਵਧਾਉਣ ਜਾਂ ਘਟਾਉਣ ਦੇ ਸਾਰੇ ਅਧਿਕਾਰ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਕੋਲ ਹਨ।
ਕੰਪਨੀ ਨਾ ਤਾਂ ਟੋਲ ਫੀਸ ਵਧਾਉਂਦੀ ਹੈ ਅਤੇ ਨਾ ਹੀ ਘਟਾਉਂਦੀ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਬੰਦ ਹੋਣ ਕਾਰਨ ਸਾਡੀ ਕੰਪਨੀ ਨੂੰ 24 ਘੰਟਿਆਂ ਵਿੱਚ 1 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਹੁਣ ਉਹ ਰੇਟ ਵਧਾਉਣ ਜਾਂ ਘਟਾਉਣ ਦਾ ਫ਼ੈਸਲਾ ਲੈ ਸਕਦੇ ਹਨ।