ਟੋਰਾਂਟੋ : ਕੈਨੇਡਾ ਅਤੇ ਭਾਰਤ ਵਿਚਾਲੇ ਤਲਖੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਟਰੂਡੋ ਸਰਕਾਰ ਨੇ ਭਾਰਤ ਖਿਲਾਫ ਇੱਕ ਹੋਰ ਸਖ਼ਤ ਫੈਸਲਾ ਲਿਆ ਹੈ। ਹੁਣ ਕੈਨੇਡਾ ਤੋਂ ਭਾਰਤ ਆਉਣ ਵਾਲੇ ਹਰ ਯਾਤਰੀ ਦੀ ਹਵਾਈ ਅੱਡੇ ‘ਤੇ ਸੁਰੱਖਿਆ ਅਤੇ ਸਕਰੀਨਿੰਗ ਕਰਵਾਉਣ ਲਈ ਕਿਹਾ ਹੈ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇਹ ਐਲਾਨ ਕੀਤਾ ਹੈ।

ਕੈਨੇਡਾ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਸੰਕਟ ਵਧਦਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਏਅਰ ਕੈਨੇਡਾ ਨੂੰ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਇਨ੍ਹਾਂ ਨਵੇਂ ਸੁਰੱਖਿਆ ਪ੍ਰੋਟੋਕੋਲ ਬਾਰੇ ਸੂਚਿਤ ਕੀਤਾ ਗਿਆ ਹੈ। ਏਅਰ ਕੈਨੇਡਾ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤ ਜਾਣ ਵਾਲੇ ਯਾਤਰੀਆਂ ਲਈ ਵਾਧੂ ਕਦਮ ਚੁੱਕੇ ਗਏ ਹਨ।

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਕਿ ਭਾਰਤ ਜਾਣ ਵਾਲੇ ਯਾਤਰੀਆਂ ਲਈ ਸੁਰੱਖਿਆ ਸਕਰੀਨਿੰਗ ਸਖਤ ਕਰ ਦਿੱਤੀ ਗਈ ਹੈ। ਹਵਾਈ ਅੱਡੇ ਨੇ ਕਿਹਾ ਕਿ ਸਖਤ ਸਕਰੀਨਿੰਗ ਕਾਰਨ ਅੰਤਰਰਾਸ਼ਟਰੀ ਯਾਤਰੀਆਂ ਨੂੰ ਸੁਰੱਖਿਆ ਚੌਕੀ ‘ਤੇ ਆਮ ਨਾਲੋਂ ਜ਼ਿਆਦਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੈਨੇਡਾ ਸਰਕਾਰ ਨੇ ਇਸ ਪਿੱਛੇ ਸੁਰੱਖਿਆ ਨੂੰ ਕਾਰਨ ਦੱਸਿਆ ਹੈ। ਪਿਛਲੇ ਮਹੀਨੇ ਹੀ ਨਵੀਂ ਦਿੱਲੀ ਤੋਂ ਸ਼ਿਕਾਗੋ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਫਲਾਈਟ ਨੂੰ ਕੈਨੇਡਾ ਦੇ ਇਕਾਲੂਇਟ ‘ਚ ਉਤਾਰਿਆ ਗਿਆ। ਹਾਲਾਂਕਿ ਜਾਂਚ ਦੌਰਾਨ ਕੋਈ ਵਿਸਫੋਟਕ ਨਹੀਂ ਮਿਲਿਆ।

Leave a Reply