ਹੈਲਥ ਨਿਊਜ਼: ਅੱਜ ਕੱਲ੍ਹ ਲੋਕ ਫਾਸਟ ਫੂਡ ਖਾਣਾ ਜਿਆਦਾ ਪਸੰਦ ਕਰਦੇ ਹਨ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ ਅਤੇ ਉਹ ਅਨੇਕਾਂ ਬਿਮਾਰੀਆਂ ਨੂੰ ਗਲ ਲਾ ਬਹਿੰਦੇ ਹਨ । ਇਸ ਲਈ ਅੱਜ ਅਸੀਂ ਤੁਹਾਨੂੰ ਪੇਟ ਦੀ ਚਰਬੀ ਨੂੰ ਘੱਟ ਕਰਨ ਦਾ ਹੈਲਦੀ ਅਤੇ ਵਧੀਆ ਤਰੀਕਾ ਦੱਸਣ ਜਾ ਰਹੇ ਹਾਂ ਅਤੇ ਉਹ ਹੈ ਫਲਾਂ ਤੇ ਸਬਜ਼ੀਆਂ ਦਾ ਜੂਸ ਪੀਣਾ। ਆਓ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਦਾ ਜੂਸ ਪੇਟ ਦੀ ਚਰਬੀ ਨੂੰ ਘੱਟ ਕਰਨ ਵਿੱਚ ਅਸਰਦਾਰ ਹੈ।

ਲੌਕੀ ਦਾ ਜੂਸ

ਲੌਕੀ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਖਣਿਜ ਵੀ ਪਾਏ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਲੌਕੀ ਦਾ ਜੂਸ ਫਾਈਬਰ, ਪ੍ਰੋਟੀਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਦੀ ਚਰਬੀ ਨੂੰ ਘੱਟ ਕਰਦਾ ਹੈ। ਇਸ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।

ਪਾਲਕ ਦਾ ਜੂਸ

ਪਾਲਕ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਫਾਇਦੇਮੰਦ ਸਬਜ਼ੀ ਹੈ, ਇਸ ਨੂੰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਪਾਲਕ ‘ਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਮੌਜੂਦ ਹੁੰਦੇ ਹਨ। ਪਾਲਕ ਦੇ ਜੂਸ ‘ਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰਨ ਨਾਲ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ।

ਖੀਰੇ ਦਾ ਜੂਸ

ਗਰਮੀਆਂ ਵਿਚ ਖੀਰਾ ਖਾਣ ਨਾਲ ਪੇਟ ਤੇ ਸਰੀਰ ਦੋਵੇਂ ਠੰਢੇ ਰਹਿੰਦੇ ਹਨ। ਖੀਰੇ ਦੇ ਜੂਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਜੂਸ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਇੰਨਾ ਹੀ ਨਹੀਂ ਖੀਰੇ ਦਾ ਜੂਸ ਪੀਣ ਨਾਲ ਚਮੜੀ ‘ਤੇ ਚਮਕ ਵੀ ਆਉਂਦੀ ਹੈ।

ਗਾਜਰ ਦਾ ਜੂਸ

ਲਗਭਗ ਹਰ ਮੌਸਮ ਵਿਚ ਉਪਲੱਬਧ ਗਾਜਰ ਫਾਈਬਰ, ਵਿਟਾਮਿਨ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਗਾਜਰ ਵਿਚ ਪੈਕਟਿਨ ਹੁੰਦਾ ਹੈ, ਜੋ ਘੁਲਣਸ਼ੀਲ ਫਾਈਬਰ ਹੁੰਦਾ ਹੈ। ਇਹ ਸਰੀਰ ਵਿਚ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਦਾ ਹੈ। ਗਾਜਰ ਦਾ ਜੂਸ ਪੀਣ ਨਾਲ ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ ਤੇ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

Leave a Reply