ਚੰਡੀਗੜ੍ਹ : ਲੋਕ ਸਭਾ ਚੋਣਾਂ (Lok Sabha elections) ਦੇ ਮੱਦੇਨਜ਼ਰ ਦੇਸ਼ ’ਚ ਸਿਆਸਤ ਗਰਮਾ ਗਈ ਹੈ ਅਤੇ ਨੇਤਾਵਾਂ ਦੀ ਪਾਰਟੀ-ਬਦਲੀ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਇਸੇ ਦੌਰਾਨ ਭਾਜਪਾ ਆਗੂ ਸਵਰਨ ਸਲਾਰੀਆ (BJP leader Swaran Salaria) ਨੇ ਗੁਰਦਾਸਪੁਰ (Gurdaspur) ਸੰਸਦੀ ਸੀਟ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ।
ਭਾਜਪਾ ਨੇ ਇਸ ਸੀਟ ‘ਤੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਿੱਥੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਸ ਸਮੇਂ ਸੰਸਦ ਮੈਂਬਰ ਹਨ। ਸਲਾਰੀਆ ਦਾ ਕਹਿਣਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਨਹੀਂ ਲੜਨਗੇ ਸਗੋਂ ਚੋਣ ਨਿਸ਼ਾਨ ‘ਤੇ ਚੋਣ ਲੜਨਗੇ, ਜਿਸ ਬਾਰੇ 13 ਅਪ੍ਰੈਲ ਤੱਕ ਸਪੱਸ਼ਟ ਹੋ ਜਾਵੇਗਾ। ਉਹ ਕਹਿੰਦੇ ਹਨ, ‘ਮੈਂ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਹਲਕੇ ‘ਚ ਕੰਮ ਕਰ ਰਿਹਾ ਹਾਂ, ਮੇਰੇ ਹਲਕੇ ਦੇ ਲੋਕ ਕਹਿ ਰਹੇ ਹਨ ਕਿ ਉਹ ਮੇਰੀ ਜਿੱਤ ਯਕੀਨੀ ਬਣਾਉਣਗੇ, ਮੈਂ ਗਾਰੰਟੀ ਦਿੰਦਾ ਹਾਂ ਕਿ ਮੈਂ 2.50 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਾਂਗਾ।’ ਸਲਾਰੀਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਟਿਕਟ ਨਾ ਦੇਣ ਲਈ ਭਾਰਤੀ ਜਨਤਾ ਪਾਰਟੀ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਭਾਜਪਾ ਤੋਂ ਟਿਕਟ ਦੀ ਮੰਗ ਨਹੀਂ ਕੀਤੀ। ਪਾਰਟੀ ਨੇ ਜਿਸ ਨੂੰ ਵੀ ਟਿਕਟ ਦਿੱਤੀ ਹੈ ਸ਼ੁਭਕਾਮਨਾਵਾਂ।
ਦੱਸ ਦੇਈਏ ਕਿ 2017 ‘ਚ ਸਲਾਰੀਆ ਨੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਉਪ ਚੋਣ ਲੜੀ ਸੀ ਪਰ ਉਸ ਸਮੇਂ ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ। ਇਸ ਸੀਟ ‘ਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਗੁਰਦਾਸਪੁਰ ਤੋਂ ਟਿਕਟ ਲਈ ਦਾਅਵਾ ਪੇਸ਼ ਕੀਤਾ ਸੀ।