ਬੱਸ ਦੇ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ,15 ਲੋਕਾਂ ਦੀ ਮੌਤ, 14 ਜ਼ਖਮੀ
By admin / April 9, 2024 / No Comments / Punjabi News
ਛੱਤੀਸਗੜ੍ਹ :- ਛੱਤੀਸਗੜ੍ਹ ਦੇ ਦੁਰਗ ਜ਼ਿਲੇ ‘ਚ ਬੀਤੀ ਰਾਤ ਨੂੰ ਇਕ ਬੱਸ ਦੇ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਬੱਸ 40 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ ਇਸ ਹਾਦਸੇ ਵਿੱਚ 3 ਔਰਤਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਕੁਮਹਾਰੀ ਇਲਾਕੇ ‘ਚ ਸਥਿਤ ਕੇਡੀਆ ਡਿਸਟਿਲਰੀਜ਼ ਦੇ ਕਰਮਚਾਰੀ ਸਨ।
ਇਹ ਘਟਨਾ ਕੁਮਹਾਰੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖਾਪੜੀ ਨੇੜੇ ਰਾਤ ਕਰੀਬ 8.30 ਵਜੇ ਵਾਪਰੀ ਜਦੋਂ ਪੀੜਤ ਕੰਮ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ 14 ਜ਼ਖ਼ਮੀਆਂ ਵਿੱਚੋਂ 12 ਨੂੰ ਇਲਾਜ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਰਾਏਪੁਰ ਲਿਜਾਇਆ ਗਿਆ, ਜਦਕਿ ਦੋ ਹੋਰਾਂ ਨੂੰ ਦੁਰਗ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਦੁਰਗ ਦੇ ਪੁਲਿਸ ਸੁਪਰਡੈਂਟ ਜਿਤੇਂਦਰ ਸ਼ੁਕਲਾ ਨੇ ਦੱਸਿਆ ਕਿ 30 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਤੋਂ ਫਿਸਲ ਗਈ ਅਤੇ ਮੁਰਮ ਮਿੱਟੀ ਦੀ ਖਾਨ ਦੇ ਟੋਏ ਵਿੱਚ ਡਿੱਗਣ ਤੋਂ ਪਹਿਲਾਂ ਹੀ ਪਲਟ ਗਈ। ਮੁਰਮ ਮਿੱਟੀ ਦੀ ਵਰਤੋਂ ਜ਼ਿਆਦਾਤਰ ਉਸਾਰੀ ਕੰਮਾਂ ਵਿੱਚ ਕੀਤੀ ਜਾਂਦੀ ਹੈ। ਐਸਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਜ ਆਫ਼ਤ ਰਿਸਪਾਂਸ ਫੋਰਸ ਦੀਆਂ ਟੀਮਾਂ ਅਤੇ ਸਥਾਨਕ ਲੋਕਾਂ ਦੇ ਨਾਲ ਬਚਾਅ ਕਾਰਜ ਚਲਾਇਆ।
ਦੁਰਗ ਕਲੈਕਟਰ ਰਿਚਾ ਪ੍ਰਕਾਸ਼ ਚੌਧਰੀ ਨੇ ਦੱਸਿਆ ਕਿ ਪ੍ਰਾਈਵੇਟ ਡਿਸਟਿਲਰੀ ਕੰਪਨੀ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਇਸ ਦੁਖਦਾਈ ਘਟਨਾ ’ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੁੱਖ ਪ੍ਰਗਟ ਕਰਦੇ ਹੋਏ ਟਵਿੱਟਰ ‘ਤੇ ਕਿਹਾ,”ਛੱਤੀਸਗੜ੍ਹ ਦੇ ਦੁਰਗ ਜ਼ਿਲੇ ‘ਚ ਇਕ ਬੱਸ ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਤੋਂ ਮੈਂ ਬਹੁਤ ਦੁਖੀ ਹਾਂ। ਸਾਰੇ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”