ਗੁਰਦਾਸਪੁਰ : ਬਟਾਲਾ ਦੇ ਗੁਰੂ ਨਾਨਕ ਨਗਰ (Guru Nanak Nagar) ‘ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਬੱਚਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀਆਂ ਚਲਾਈਆਂ ਗਈਆਂ। ਸੂਚਨਾ ਮਿਲਦੇ ਹੀ ਡੀਐਸਪੀ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੱਲਬਾਤ ਦੌਰਾਨ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਮੋਹਿਤ ਬੇਦੀ ਨੇ ਦੱਸਿਆ ਕਿ ਉਸ ਦਾ 6 ਸਾਲ ਦਾ ਬੇਟਾ ਹੈ, ਜਿਸ ਦੀ ਗਲੀ ‘ਚ ਰਹਿੰਦੇ ਇਕ ਬੱਚੇ ਨਾਲ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਪਤਨੀ ਨੂੰ ਮੰਦਾ ਬੋਲਿਆ ਅਤੇ ਮੈਨੂੰ ਵੀ ਫੋਨ ‘ਤੇ ਗਾਲ੍ਹਾਂ ਕੱਢੀਆਂ।

ਇਸ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਉਸ ਨੂੰ ਪੁੱਛਿਆ ਤਾਂ ਉਸ ਨੇ ਮੈਨੂੰ ਧਮਕੀਆਂ ਦਿੱਤੀਆਂ ਅਤੇ ਗੋਲੀਆਂ ਚਲਾ ਦਿੱਤੀਆਂ । ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਮੋਹਿਤ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਖੁਦ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ, ਜੇਕਰ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਉੱਪਰ ਤੱਕ ਜਾਵਾਂਗਾ।

ਦੂਜੇ ਪਾਸੇ ਔਰਤ ਨੇ ਦੱਸਿਆ ਕਿ ਮੇਰੇ ਲੜਕੇ ਦਾ ਉਨ੍ਹਾਂ ਦੇ ਲੜਕੇ ਨਾਲ ਝਗੜਾ ਹੋਇਆ, ਪਹਿਲਾਂ ਬੱਚੇ ਦੀ ਮਾਂ ਸਾਡੇ ਘਰ ਆਈ ਸਾਨੂੰ ਗਾਲ੍ਹਾਂ ਕੱਢਣ ਲੱਗ ਪਈ ਅਤੇ ਚੱਲੀ ਗਈ ਥੋੜ੍ਹੀ ਦੇਰ ਬਾਅਦ ਆਪਣੇ ਪਤੀ ਅਤੇ ਕੁਝ ਲੋਕਾਂ ਨੂੰ ਲੈ ਕੇ ਆਈ ਅਤੇ ਫਿਰ ਗਾਲ੍ਹਾਂ ਕੱਢਣ ਲੱਗ ਪਈ। ਉਨ੍ਹਾਂ ਕੋਲ ਹਥਿਆਰ ਵੀ ਸਨ।

ਔਰਤ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੇ ਸਾਡੇ ‘ਤੇ ਗੋਲੀ ਚਲਾਈ ਅਤੇ ਬਾਅਦ ‘ਚ ਅਸੀਂ ਬਚਾਅ ‘ਚ ਗੋਲੀ ਚਲਾਈ। ਮੌਕੇ ’ਤੇ ਪੁੱਜੇ ਬਟਾਲਾ ਪੁਲਿਸ ਦੇ ਡੀ.ਐਸ.ਪੀ. ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਹ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।

Leave a Reply