ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਗੋਵਿੰਦਾ (Bollywood actor Govinda) ਨੇ ਅੱਜ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕੀਤੀ। ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਅਭਿਨੇਤਾ ਗੋਵਿੰਦਾ ਸ਼ਿਵ ਸੈਨਾ ਦੀ ਟਿਕਟ ‘ਤੇ ਲੋਕ ਸਭਾ ਚੋਣ (Lok Sabha elections) ਲੜ ਸਕਦੇ ਹਨ।

ਰਿਪੋਰਟਾਂ ਅਨੁਸਾਰ, ਗੋਵਿੰਦਾ ਉੱਤਰ-ਪੱਛਮੀ ਮੁੰਬਈ ਲੋਕ ਸਭਾ ਸੀਟ ਤੋਂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੀ ਟਿਕਟ ‘ਤੇ ਸ਼ਿੰਦੇ ਕੈਂਪ ਤੋਂ ਮੌਜੂਦਾ ਸੰਸਦ ਮੈਂਬਰ ਗਜਾਨਨ ਕੀਰਤੀਕਰ ਦੇ ਪੁੱਤਰ ਸ਼ਿਵ ਸੈਨਾ-ਯੂ.ਬੀ.ਟੀ ਦੇ ਅਮੋਲ ਕੀਰਤੀਕਰ ਵਿਰੁੱਧ ਚੋਣ ਲੜ ਸਕਦੇ ਹਨ।

ਪੀ.ਟੀ.ਆਈ ਦੀ ਰਿਪੋਰਟ ਦੇ ਅਨੁਸਾਰ, ਅਭਿਨੇਤਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਵਿਚਕਾਰ ਹਾਲ ਹੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਗੋਵਿੰਦਾ ਦੇ ਰਾਜਨੀਤੀ ਵਿੱਚ ਸੰਭਾਵਿਤ ਪ੍ਰਵੇਸ਼ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ ਹੈ। ਪਿਛਲੇ ਹਫਤੇ ਹੋਈ ਇਸ ਮੁਲਾਕਾਤ ਨੇ ਗੋਵਿੰਦਾ ਦੀ ਸਿਆਸੀ ਵਾਪਸੀ ਦੀਆਂ ਅਫਵਾਹਾਂ ਤੇਜ਼ ਕਰ ਦਿੱਤੀਆਂ ਹਨ।

ਗੋਵਿੰਦਾ, ਜੋ ਪਹਿਲਾਂ ਸਿਆਸੀ ਖੇਤਰ ਵਿੱਚ ਕੰਮ ਕਰ ਚੁੱਕੇ ਹਨ, ਨੇ 2004 ਵਿੱਚ ਕਾਂਗਰਸ ਦੇ ਬੈਨਰ ਹੇਠ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਨਾਇਕ ਨੂੰ ਹਰਾਇਆ। ਹਾਲਾਂਕਿ, ਗੋਵਿੰਦਾ ਨੇ ਬਾਅਦ ਵਿੱਚ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ ਅਤੇ 2009 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ।

Leave a Reply