ਪੰਜਾਬ ਸਰਕਾਰ ਨੇ ਇੱਕ ਸਾਲ ਦਾ ਮੁਫ਼ਤ ਕੋਰਸ ਕੀਤਾ ਸ਼ੁਰੂ
By admin / July 26, 2024 / No Comments / Punjabi News
ਜਲੰਧਰ : ਜ਼ਿਲ੍ਹਾ ਭਾਸ਼ਾ ਅਫ਼ਸਰ ਜਲੰਧਰ ਨਵਨੀਤ ਰਾਏ (Navneet Rai) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 1 ਸਤੰਬਰ 2024 ਤੋਂ ਪੰਜਾਬੀ ਕੰਪਿਊਟਰ ਟਾਈਪ ਅਤੇ ਪੰਜਾਬੀ ਸ਼ਾਰਟਹੈਂਡ ਦਾ ਇੱਕ ਸਾਲ ਦਾ ਮੁਫ਼ਤ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਅਗਸਤ ਹੈ ਅਤੇ ਇੰਟਰਵਿਊ 27 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਭਾਸ਼ਾ ਦਫ਼ਤਰ, ਜਲੰਧਰ ਕਮਰਾ ਨੰਬਰ 215, ਦੂਜੀ ਮੰਜ਼ਿਲ, ਤਹਿਸੀਲ ਕੰਪਲੈਕਸ ਵਿਖੇ ਹੋਵੇਗਾ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਇੰਟਰਵਿਊ ਲਈ ਉਮੀਦਵਾਰਾਂ ਨੂੰ ਕੋਈ ਵੱਖਰਾ ਸੱਦਾ ਪੱਤਰ ਨਹੀਂ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ਲਈ ਉਮੀਦਵਾਰ ਦਾ ਪੰਜਾਬੀ ਵਿਸ਼ੇ ਨਾਲ 10ਵੀਂ ਪਾਸ ਹੋਣਾ ਲਾਜ਼ਮੀ ਹੈ ਅਤੇ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ। ਉਨ੍ਹਾਂ ਕਿਹਾ ਕਿ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬੀ ਕੰਪਿਊਟਰ ਟਾਈਪ ਅਤੇ ਪੰਜਾਬੀ ਸ਼ਾਰਟਹੈਂਡ ਕੋਰਸ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।