ਪੰਜਾਬ ਵਿਜੀਲੈਂਸ ਬਿਊਰੋ ਨੇ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਕਾਬੂ
By admin / May 14, 2024 / No Comments / Punjabi News
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਵਿੱਢੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਥਾਣਾ ਲਹਿਰਾ ਸਿਟੀ, ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਅਨੂਪ ਸਿੰਘ ਵਾਸੀ ਲਹਿਰਾ ਸ਼ਹਿਰ ਦੀ ਸ਼ਿਕਾਇਤ ਦੇ ਆਧਾਰ ‘ਤੇ ਗਿ੍ਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਸਦੀ ਰਿਸ਼ਤੇਦਾਰ ਪਰਵਿੰਦਰ ਦੇਵੀ ਪਿੰਡ ਗਾਗਾ ਵਿਖੇ ਕਿਰਾਏ ‘ਤੇ ਰਹਿੰਦੀ ਹੈ। ਉਸ ਨੇ ਆਪਣੇ ਮਕਾਨ ਮਾਲਕ ਰਾਕੇਸ਼ ਜਿੰਦਲ ਖ਼ਿਲਾਫ਼ ਲਹਿਰਾ ਸਿਟੀ ਥਾਣੇ ਵਿੱਚ ਦੁਰਵਿਵਹਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਦੋਸ਼ੀ ਏ.ਐਸ.ਆਈ. ਉਸਦੀ ਗੱਲ ਨਹੀਂ ਸੁਣ ਰਿਹਾ ਸੀ ਅਤੇ ਇਸੇ ਦੌਰਾਨ ਮਕਾਨ ਮਾਲਕ ਨੇ ਘਰ ਦੇ ਉਸ ਹਿੱਸੇ ਨੂੰ ਤਾਲਾ ਲਗਾ ਦਿੱਤਾ ਜਿੱਥੇ ਉਸਦਾ ਸਮਾਨ ਰੱਖਿਆ ਹੋਇਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਜਦੋਂ ਉਕਤ ਏ.ਐੱਸ.ਆਈ ਨੇ ਕਿਰਾਏਦਾਰ ਪਰਵਿੰਦਰ ਦੇਵੀ ਕੋਲ ਪਹੁੰਚ ਕੀਤੀ ਤਾਂ ਉਸਨੇ ਕਿਰਾਏ ਦੇ ਮਕਾਨ ਵਿੱਚੋਂ ਆਪਣਾ ਸਮਾਨ ਚੁੱਕਣ ਦੇ ਬਦਲੇ 8,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਪਹਿਲਾਂ ਵੀ ਉਸ ਤੋਂ 2000 ਰੁਪਏ ਲੈ ਚੁੱਕਾ ਹੈ ਅਤੇ ਦੂਜੀ ਕਿਸ਼ਤ ਦੇ 6000 ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਏ.ਐਸ.ਆਈ. ਰਾਜਵਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪਟਿਆਲਾ ਰੇਂਜ ਪੁਲਿਸ ਸਟੇਸ਼ਨ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।