ਫਾਜ਼ਿਲਕਾ : ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪਿੰਡ ਪਾਕਾ ਵਿੱਚ ਪਿਓ-ਪੁੱਤ ਨੂੰ ਸ਼ਰੇਆਮ ਗੋਲੀ ਮਾਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਨਾਮਜ਼ਦ 4 ‘ਚੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਹਾਲ ਹੀ ‘ਚ ਫਾਜ਼ਿਲਕਾ ਦੇ ਪਿੰਡ ਪੱਕਾ ‘ਚ ਖੇਤਾਂ ਨੂੰ ਪਾਣੀ ਲਗਾ ਰਹੇ ਪਿਓ-ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਕਰੀਬ 8 ਏਕੜ ਜ਼ਮੀਨ ਠੇਕੇ ’ਤੇ ਲਈ ਸੀ। ਇਸ ਜ਼ਮੀਨ ’ਤੇ ਪਹਿਲਾਂ ਠੇਕੇ ’ਤੇ ਖੇਤੀ ਕਰਨ ਵਾਲੇ ਲੋਕਾਂ ਦੀ ਉਨ੍ਹਾਂ ਨਾਲ ਰੰਜਿਸ਼ ਸੀ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਮੁਲਜ਼ਮਾਂ ਦੇ ਮਗਰ ਠੇਕੇ ’ਤੇ ਲਏ ਖੇਤਾਂ ਨੂੰ ਪਾਣੀ ਲਗਾ ਰਹੇ ਸਨ। ਇਸੇ ਦੌਰਾਨ ਉਕਤ ਮੁਲਜ਼ਮਾਂ ਨੇ ਮੌਕੇ ’ਤੇ ਆ ਕੇ ਪਹਿਲਾਂ ਉਸ ਦੇ ਭਤੀਜੇ ਹਰਮੀਤ ਸਿੰਘ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਅਤੇ ਫਿਰ ਉਸ ਦੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ। ਕਾਰਜ ਸਿੰਘ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਸਨ ਪਰ ਹੁਣ ਪਿਛਲੇ ਸਾਲਾਂ ਤੋਂ ਉਸ ਦਾ ਭਰਾ ਅਵਤਾਰ ਸਿੰਘ ਖੇਤੀ ਕਰ ਰਿਹਾ ਸੀ ਅਤੇ ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਉਸ ਦੇ ਭਰਾ ਅਤੇ ਭਤੀਜੇ ਦਾ ਕਤਲ ਕਰ ਦਿੱਤਾ।
ਦੱਸ ਦਈਏ ਕਿ ਮ੍ਰਿਤਕ ਅਵਤਾਰ ਸਿੰਘ ਦੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਇਕ ਹਰਮੀਤ ਸਿੰਘ ਦਾ ਉਸ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਦੂਜਾ ਬੇਟਾ ਅਪਾਹਜ ਹੈ। ਕੁਝ ਦਿਨ ਪਹਿਲਾਂ ਮ੍ਰਿਤਕ ਨੌਜਵਾਨ ਹਰਮੀਤ ਸਿੰਘ ਦੇ ਘਰ ਬੇਟੀ ਤੋਂ ਬਾਅਦ ਲੜਕੇ ਨੇ ਜਨਮ ਲਿਆ ਸੀ। ਅਵਤਾਰ ਸਿੰਘ ਅਤੇ ਹਰਮੀਤ ਸਿੰਘ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ ਹੈ।