ਪੰਜਾਬ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ, ਪੰਜਾਬ ਸਰਕਾਰ ਨੇ ਹੁਣ ਸਕੂਲ ਪੱਧਰ ‘ਤੇ ਫੁੱਟਬਾਲ ਖਿਡਾਰੀ ਤਿਆਰ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਇਸ ਦੇ ਲਈ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਡੀ.ਐਫ.ਬੀ. (ਜਰਮਨੀ ਦਾ ਅਧਿਕਾਰਤ ਫੁੱਟਬਾਲ ਬੋਰਡ) ਦੇ ਨਾਲ ਸਾਂਝੇਦਾਰੀ ਕਰ ਸਕਦੇ ਹਨ।
ਇਸੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਸਬੰਧੀ ਜਰਮਨੀ ਗਏ ਹੋਏ ਹਨ, ਜਿੱਥੇ ਉਹ ਕੁਝ ਦਿਨ ਰੁਕ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਸਬੰਧੀ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਵਿੱਚ ਲਿਖਿਆ, ‘ਉਹ ਅਗਲੇ ਤਿੰਨ ਦਿਨਾਂ ਲਈ ਜਰਮਨੀ ਵਿੱਚ ਰਹਿਣਗੇ …. ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਸਕੂਲਾਂ ‘ਚ ਫੁਟਬਾਲ ਨੂੰ ਉਤਸ਼ਾਹਿਤ ਕਰਨ ਲਈ ਡੀ.ਐਫ.ਬੀ (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਦੇ ਨਾਲ ਸਾਂਝੀਦਾਰੀ ਕਰਾਂਗੇ,’ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਉਹ ਪੰਜਾਬ ਵਿੱਚ ਹੁਨਰ ਵਿਕਾਸ ਦੇ ਮੌਕਿਆਂ ਦੀ ਖੋਜ ਕਰਨ ਲਈ ਤਕਨੀਕੀ ਯੂਨੀਵਰਸਿਟੀਆਂ ਨੂੰ ਵੀ ਦੇਖਣਗੇ।