ਪੰਜਾਬ : ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਮੀਂਹ ਨਾ ਪੈਣ ਦੀ ਸੂਰਤ ਵਿੱਚ ਆਉਣ ਵਾਲੇ ਦੋ ਦਿਨਾਂ ਵਿੱਚ ਵਾਯੂਮੰਡਲ ਵਿੱਚ ਨਮੀ ਵਧ ਜਾਵੇਗੀ, ਜਿਸ ਤੋਂ ਬਾਅਦ ਲੋਕਾਂ ਨੂੰ ਨਮੀ ਦਾ ਸਾਹਮਣਾ ਕਰਨਾ ਪਵੇਗਾ। ਪਰ 11 ਜੁਲਾਈ ਨੂੰ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ। ਬੀਤੀ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 40 ਡਿਗਰੀ ਰਿਹਾ। ਇਸ ਦੇ ਨਾਲ ਹੀ ਫਰੀਦਕੋਟ ਵਿੱਚ 38.2 ਡਿਗਰੀ, ਬਠਿੰਡਾ ਵਿੱਚ 37 ਡਿਗਰੀ ਅਤੇ ਗੁਰਦਾਸਪੁਰ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਪੰਜਾਬ ਵਿੱਚ 11 ਅਤੇ 12 ਜੁਲਾਈ ਨੂੰ ਆਮ ਮੀਂਹ ਪੈਣ ਦੀ ਸੰਭਾਵਨਾ ਹੈ। 11 ਜੁਲਾਈ ਨੂੰ ਕੁਝ ਥਾਵਾਂ ‘ਤੇ ਅਤੇ 12 ਜੁਲਾਈ ਨੂੰ ਜ਼ਿਆਦਾਤਰ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਪਵੇਗਾ।

ਨਮੀ ਦੇ ਪੱਧਰ ਵਿੱਚ ਵਾਧਾ

ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ। ਬੀਤੇ ਦਿਨ ਮੀਂਹ ਨਾ ਪੈਣ ਕਾਰਨ ਨਮੀ ਵਧ ਗਈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਗਲੇ ਦੋ ਦਿਨਾਂ ਤੱਕ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 74 ਤੋਂ 86 ਫੀਸਦੀ, ਜਲੰਧਰ ਵਿੱਚ 59 ਤੋਂ 100 ਫੀਸਦੀ, ਲੁਧਿਆਣਾ ਵਿੱਚ 70 ਤੋਂ 77 ਫੀਸਦੀ ਅਤੇ ਪਟਿਆਲਾ ਵਿੱਚ 80 ਤੋਂ 86 ਫੀਸਦੀ ਦਰਜ ਕੀਤਾ ਗਿਆ।

Leave a Reply