November 5, 2024

ਪੁਲਿਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ,ਮੌਕੇ ‘ਤੇ ਹੀ ਹੋਈ ਮੌਤ

ਕਾਲਾ ਸੰਘਿਆਂ : ਪੁਲਿਸ ਚੌਕੀ ਵਡਾਲਾ ਜ਼ਿਲ੍ਹਾ ਕਪੂਰਥਲਾ ਵਿੱਚ ਆਪਣੀ ਡਿਊਟੀ ਨਿਭਾ ਕੇ ਘਰ ਪਰਤ ਰਹੇ ਨੌਜਵਾਨ ਪੁਲਿਸ ਮੁਲਾਜ਼ਮ ਦੀ ਕਾਰ ਦਾ ਟਾਇਰ ਪਿੰਡ ਅਠੌਲਾ ਨੇੜੇ ਫਟ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪੁਲਿਸ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਠੌਲਾ ਵਾਸੀ ਮਨਦੀਪ ਸਿੰਘ ਉਰਫ਼ ਮੰਨੂ (24) ਪੁੱਤਰ ਮਰਹੂਮ ਗੁਰਦੀਪ ਸਿੰਘ ਬਿੱਟੂ ਆਪਣੇ ਪਿਤਾ ਪੁਲਿਸ ਮੁਲਾਜ਼ਮ ਦੀ ਥਾਂ ‘ਤੇ ਤਰਸ ਦੇ ਆਧਾਰ ‘ਤੇ ਪੰਜਾਬ ਪੁਲਿਸ ‘ਚ ਨੌਕਰੀ ਕਰ ਰਿਹਾ ਸੀ, ਜਿਸ ਦੀ ਕਰੀਬ 3-4 ਸਾਲ ਪਹਿਲਾਂ ਹਾਦਸੇ ‘ਚ ਮੌਤ ਹੋ ਗਈ ਸੀ।

ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਪੁਲਿਸ ਚੌਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਕਰੀਬ ਸਾਢੇ 10 ਵਜੇ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਵਾਪਸ ਆਪਣੇ ਪਿੰਡ ਅਠੌਲਾ ਆ ਰਿਹਾ ਸੀ ਤਾਂ ਰਸਤੇ ਵਿੱਚ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਇਸ ਘਟਨਾ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਮ੍ਰਿਤਕ ਮਨਦੀਪ ਸਿੰਘ ਮੰਨੂ ਦੇ ਪਿਤਾ ਗੁਰਦੀਪ ਸਿੰਘ ਬਿੱਟੂ ਦੀ ਵੀ ਇਸੇ ਤਰ੍ਹਾਂ ਰੇਲ ਗੱਡੀ ਨਾਲ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਹ ਵੀ ਪੁਲਿਸ ਮੁਲਾਜ਼ਮ ਸੀ।

ਮ੍ਰਿਤਕ ਦੇਹ ਦਾ ਅੱਜ ਬਾਅਦ ਦੁਪਹਿਰ ਪਿੰਡ ਅਠੌਲਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ ।ਮਨਦੀਪ ਸਿੰਘ ਮੰਨੂ ਜੋ ਕਿ ਵਿਆਹੁਤਾ ਹੈ ਆਪਣੇ ਪਿੱਛੇ ਮਾਤਾ, ਪਤਨੀ ਅਤੇ 2 ਜਵਾਨ ਧੀਆਂ ਛੱਡ ਗਿਆ ਹੈ। ਮਨਦੀਪ ਸਿੰਘ ਮੰਨੂ ਜਗਤਾਰ ਪਰਵਾਨਾ ਯਾਦਗਰੀ ਸਾਂਝ ਮੰਚ ਪਿੰਡ ਅਠੌਲਾ ਦੇ ਕਮੇਟੀ ਮੈਂਬਰ ਵੀ ਸਨ। ਇਸ ਦੌਰਾਨ ਜਗਤਾਰ ਪਰਵਾਨਾ ਯਾਦਗਰੀ ਸੰਭਾਲ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਫਤਹਿ ਸਿੰਘ ਸੋਹਲ, ਸਮੂਹ ਟੀਮ ਅਤੇ ਸ਼ਹਿਰ ਵਾਸੀਆਂ ਨੇ ਮਨਦੀਪ ਸਿੰਘ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

By admin

Related Post

Leave a Reply