ਤਪਾ ਮੰਡੀ : ਦਿਨ ਦਿਹਾੜੇ ਸਰਪੰਚ ਵੱਲੋਂ ਇੱਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ (ਪ) ਦੇ ਸਾਬਕਾ ਸਰਪੰਚ ਨੇ ਪੁਰਾਣੀ ਰੰਜਿਸ਼ ਕਾਰਨ ਸ਼ਰੇਆਮ ਚੌਕ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਇਸ ਘਟਨਾ ਵਿੱਚ ਉਕਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੇਵਾ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਜਾ ਪੱਟੀ ਦੇ ਇੱਕ ਰਿਸ਼ਤੇਦਾਰ ਦਾ ਅੱਜ ਭੋਗ ਦਾ ਸਮਾਗਮ ਸੀ ਅਤੇ ਉਹ ਆਪਣੀਆਂ ਦੁਕਾਨਾਂ ਨੇੜੇ ਖੜ੍ਹਾ ਸੀ। ਉਦੋਂ ਪਿੰਡ ਢਿੱਲਵਾਂ (ਪ) ਦਾ ਸਰਪੰਚ ਜੋਗਿੰਦਰ ਸਿੰਘ ਆਪਣੀ ਇਲੈਕਟ੍ਰਿਕ ਸਕੂਟਰੀ ’ਤੇ ਸਵਾਰ ਹੋ ਕੇ ਆਇਆ ਤਾਂ ਮੇਵਾ ਸਿੰਘ ਨੇ ਸਰਪੰਚ ਨੂੰ ਕਿਹਾ ਕਿ ਅਸੀਂ ਬੈਠ ਕੇ ਗੱਲ ਦਾ ਨਿਪਟਾਰਾ ਕਰ ਲੈਂਦੇ ਹਾਂ। ਇਹ ਕਹਿਣ ਤੋਂ ਬਾਅਦ ਸਰਪੰਚ ਨੇ ਆਪਣੀ ਲਾਇਸੰਸੀ ਪਿਸਤੌਲ ਕੱਢ ਕੇ ਮੇਵਾ ਨੂੰ ਗੋਲੀ ਮਾਰ ਦਿੱਤੀ।

ਚਸ਼ਮਦੀਦਾਂ ਅਨੁਸਾਰ ਗੋਲੀ ਮੇਵਾ ਸਿੰਘ ਦੇ ਪੱਟ ਵਿੱਚ ਲੱਗੀ। ਇਸ ਤੋਂ ਬਾਅਦ ਸਰਪੰਚ ਨੇ ਜ਼ਖਮੀ ਮੇਵਾ ਸਿੰਘ ਨੂੰ ਕਿਹਾ ਕਿ ਹੁਣ ਬੋਲ ਕੀ ਕਹਿ ਰਿਹਾ ਸੀ, ਜਿਸ ਤੋਂ ਬਾਅਦ ਉਹ ਭੱਜ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਭੋਗ ਵਿੱਚ ਮੌਜੂਦ ਰਿਸ਼ਤੇਦਾਰ ਇਕੱਠੇ ਹੋ ਗਏ ਅਤੇ ਮੇਵਾ ਸਿੰਘ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ

ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਐਸਐਚਓ ਇੰਸਪੈਕਟਰ ਕੁਲਜਿੰਦਰ ਸਿੰਘ ਦੀ ਅਗਵਾਈ ਹੇਠ  ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਲੋਕਾਂ ਦੇ ਬਿਆਨ ਦਰਜ ਕਰਕੇ ਖੂਨ ਦੇ ਨਮੂਨੇ ਲਏ। ਫਿਲਹਾਲ ਥਾਣਾ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Leave a Reply