ਹੁਸ਼ਿਆਰਪੁਰ:  ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ (Dasuha) ਨਾਲ ਸਬੰਧਤ 24 ਸਾਲਾ ਨੌਜਵਾਨ ਦੀ ਹਾਲ ਹੀ ਵਿਚ ਪੁਰਤਗਾਲ (Portugal) ਦੇ ਲਿਸਬਨ ਸ਼ਹਿਰ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਦੀ ਦੇਹ 16 ਦਿਨਾਂ ਬਾਅਦ ਅੱਜ ਉਸ ਦੇ ਜੱਦੀ ਪਿੰਡ ਉਸਮਾਨ ਸ਼ਹੀਦ ਵਿਖੇ ਪਹੁੰਚੀ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਤਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਜਦੋਂ ਤਜਿੰਦਰ ਸਿੰਘ ਅਪਣੀ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ। ਹਾਦਸੇ ਦੌਰਾਨ ਕਾਰ ਵਿਚ ਪੰਜ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਤਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ 16 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਅਪਣੇ ਲੜਕੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ।

ਐਤਵਾਰ 5 ਫਰਵਰੀ ਨੂੰ ਰਿਸ਼ਤੇਦਾਰਾਂ ਨੇ ਘਰ ਆ ਕੇ ਭਗਵੰਤ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਸੂਚਨਾ ਦਿਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਰਤਕਲਾਂ ਦੇ ਰਹਿਣ ਵਾਲੇ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਦਸਿਆ ਕਿ ਉਹ ਲਗਾਤਾਰ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਐਨਆਰਆਈ ਵੀਰਾਂ ਦੇ ਸੰਪਰਕ ਵਿਚ ਸਨ, ਜਿਨ੍ਹਾਂ ਦੇ ਸਹਿਯੋਗ ਨਾਲ ਤੇਜਿੰਦਰ ਦੀ ਦੇਹ ਉਨ੍ਹਾਂ ਦੇ ਘਰ ਪਹੁੰਚ ਸਕੀ।

Leave a Reply